ਐੱਸਸੀਓ ਸੰਮੇਲਨ ’ਚ ਮੋਦੀ ਅਤੇ ਪੂਤਿਨ ਸਣੇ 20 ਆਲਮੀ ਆਗੂ ਹੋਣਗੇ ਸ਼ਾਮਲ
ਚੀਨ ਦੇ ਤਿਆਨਜਿਨ ’ਚ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਮੇਤ 20 ਆਲਮੀ ਆਗੂ ਹਿੱਸਾ ਲੈਣਗੇ। ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਲਿਯੂ ਬਿਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸਸੀਓ ਦੇ ਇਤਿਹਾਸ ’ਚ ਇਹ ਸਭ ਤੋਂ ਵੱਡਾ ਸਿਖਰ ਸੰਮੇਲਨ ਹੋਵੇਗਾ। ਲਿਯੂ ਨੇ ਦੱਸਿਆ ਕਿ ਸੰਮੇਲਨ ’ਚ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੌਗਾਂ, ਉਨ੍ਹਾਂ ਦੇ ਇੰਡੋਨੇਸ਼ਿਆਈ ਹਮਰੁਤਬਾ ਪ੍ਰਬੋਵੋ ਸੁਬਿਆਂਤੋ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨਹ ਚਿਨਹ ਵੀ ਸ਼ਾਮਲ ਹੋਣਗੇ। ਉਪ ਮਹਾਦੀਪ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਵੀ ਐੱਸਸੀਓ ਸੰਮੇਲਨ ’ਚ ਹਾਜ਼ਰੀ ਭਰਨਗੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਅਤੇ ਐੱਸਸੀਓ ਦੇ ਸਕੱਤਰ ਜਨਰਲ ਨੂਰਲਾਨ ਯੇਰਮੇਕਬਾਯੇਵ ਸਮੇਤ 10 ਕੌਮਾਂਤਰੀ ਜਥੇਬੰਦੀਆਂ ਦੇ ਅਧਿਕਾਰੀ ਵੀ ਇਸ ਸੰਮੇਲਨ ’ਚ ਹਿੱਸਾ ਲੈਣਗੇ ਜਿਸ ਨਾਲ ਇਹ ਸੰਗਠਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੰਮੇਲਨ ਬਣ ਜਾਵੇਗਾ। ਐੱਸਸੀਓ ’ਚ ਰੂਸ, ਭਾਰਤ, ਇਰਾਨ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਪਾਕਿਸਤਾਨ, ਤਾਜਿਕਿਸਤਾਨ, ਉਜ਼ਬੇਕਿਸਤਾਨ, ਬੇਲਾਰੂਸ ਅਤੇ ਚੀਨ ਸ਼ਾਮਲ ਹਨ। ਜ਼ਿਆਦਾਤਰ ਆਗੂਆਂ ਦੇ ਦੋ ਰੋਜ਼ਾ ਸਿਖਰ ਸੰਮੇਲਨ ਮਗਰੋਂ ਵੀ ਪੇਈਚਿੰਗ ’ਚ 3 ਸਤੰਬਰ ਨੂੰ ਹੋਣ ਵਾਲੀ ਚੀਨ ਦੀ ਸਭ ਤੋਂ ਵੱਡੀ ਫੌਜੀ ਪਰੇਡ ਦੇਖਣ ਲਈ ਰੁਕਣ ਦੀ ਸੰਭਾਵਨਾ ਹੈ।
ਸਿਖਰ ਸੰਮੇਲਨ ਮਗਰੋਂ ਜਾਰੀ ਕੀਤਾ ਜਾਵੇਗਾ ਐਲਾਨਨਾਮਾ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਐੱਸਸੀਓ ਦੇ ਮੁਖੀਆਂ ਦੀ 25ਵੀਂ ਮੀਟਿੰਗ ਅਤੇ ‘ਐੱਸਸੀਓ ਪਲੱਸ’ ਮੀਟਿੰਗ ਦੀ ਅਗਵਾਈ ਕਰਨਗੇ ਅਤੇ ਮੁੱਖ ਭਾਸ਼ਣ ਦੇਣਗੇ। ਸ਼ੀ ਆਗੂਆਂ ਨੂੰ ਸਵਾਗਤੀ ਭੋਜਨ ਵੀ ਦੇਣਗੇ ਅਤੇ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਉਹ ਐੱਸਸੀਓ ਦੇ ਹੋਰ ਮੈਂਬਰ ਮੁਲਕਾਂ ਦੇ ਆਗੂਆਂ ਨਾਲ ਸਾਂਝੇ ਤੌਰ ’ਤੇ ਇਕ ਐਲਾਨਨਾਮੇ ’ਤੇ ਦਸਤਖ਼ਤ ਕਰਨਗੇ ਅਤੇ ਉਸ ਨੂੰ ਜਾਰੀ ਕਰਨਗੇ। ਇਸ ਦੇ ਨਾਲ ਹੀ ਉਹ ਅਗਲੇ ਪੰਜ ਸਾਲਾਂ ਲਈ ਐੱਸਸੀਓ ਦੀ ਵਿਕਾਸ ਰਣਨੀਤੀ ਨੂੰ ਵੀ ਮਨਜ਼ੂਰੀ ਦੇਣਗੇ। -ਪੀਟੀਆਈ