London's Heathrow Airport ਤਕਨੀਕੀ ਨੁਕਸ ਕਾਰਨ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ 24 ਉਡਾਣਾਂ ਰੱਦ
ਇੱਥੋਂ ਦੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਤਕਨੀਕੀ ਸਮੱਸਿਆਵਾਂ ਕਾਰਨ ਦੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਅੱਜ ਹੋਰ 24 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ ਬੀਤੇ ਦਿਨ ਸੌ ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ ਤੇ ਕੁਝ ਦੇਰੀ ਨਾਲ ਚੱਲੀਆਂ ਸਨ।
ਨੈਸ਼ਨਲ ਏਅਰ ਟ੍ਰੈਫਿਕ ਸਰਵਿਸਿਜ਼ (NATS) ਨੇ ਦੱਸਿਆ ਕਿ ਇਸ ਤਕਨੀਕੀ ਨੁਕਸ ਨੂੰ ਠੀਕ ਕਰ ਦਿੱਤਾ ਗਿਆ ਹੈ। ਇਸ ਤਕਨੀਕੀ ਨੁਕਸ ਕਾਰਨ ਲੰਡਨ ਨੇੜੇ ਗੈਟਵਿਕ ਹਵਾਈ ਅੱਡੇ, ਸਕਾਟਲੈਂਡ ਦੇ ਐਡਿਨਬਰਗ ਹਵਾਈ ਅੱਡੇ ਅਤੇ ਕਈ ਹੋਰ ਥਾਵਾਂ ’ਤੇ ਵੀ ਉਡਾਣਾਂ ਪ੍ਰਭਾਵਿਤ ਹੋਈਆਂ।
ਟਰਾਂਸਪੋਰਟ ਮੰਤਰੀ ਐਚ ਅਲੈਗਜ਼ੈਂਡਰ ਨੇ ਕਿਹਾ ਕਿ ਉਹ NATS ਦੇ ਮੁੱਖ ਕਾਰਜਕਾਰੀ ਮਾਰਟਿਨ ਰੋਲਫ ਨਾਲ ਮੁਲਾਕਾਤ ਕਰਨਗੇ ਤਾਂ ਕਿ ਇਹ ਸਮੱਸਿਆ ਮੁੜ ਨਾ ਆਵੇ। ਇਹ ਜਾਣਕਾਰੀ ਅਲੈਗਜ਼ੈਂਡਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਸਾਂਝੀ ਕੀਤੀ ਹੈ। ਹੀਥਰੋ ਦੀ ਵੈੱਬਸਾਈਟ ਅਨੁਸਾਰ ਬਰੱਸਲਜ਼ ਅਤੇ ਟੋਰਾਂਟੋ ਲਈ ਜਾਣ ਵਾਲੀਆਂ ਅਤੇ ਨਿਊਯਾਰਕ ਅਤੇ ਬਰਲਿਨ ਤੋਂ ਆਉਣ ਵਾਲੀਆਂ ਘੱਟੋ-ਘੱਟ 24 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਬਰਤਾਨੀਆ ਦਾ ਸਭ ਤੋਂ ਵੱਡਾ ਅਤੇ ਯੂਰਪ ਦਾ ਸਭ ਤੋਂ ਰੁਝੇਂਵਿਆਂ ਵਾਲਾ ਹਵਾਈ ਅੱਡਾ ਮਾਰਚ ਵਿੱਚ ਪਾਵਰ ਸਬ-ਸਟੇਸ਼ਨ ਵਿੱਚ ਅੱਗ ਦੀ ਲਪੇਟ ਵਿੱਚ ਆ ਗਿਆ ਸੀ। ਜ਼ਿਕਰਯੋਗ ਹੈ ਕਿ ਬੀਤੇ ਦੋ ਦਿਨ ਤੋਂ ਹਵਾਈ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਹੋਈ।