13 ਸਾਲ ਦਾ ਅਫ਼ਗਾਨ ਲੜਕਾ ਕਾਬੁਲ ਤੋਂ ਉਡਾਣ ਭਰਨ ਵਾਲੇ ਜਹਾਜ਼ ਦੇ ਲੈਂਡਿੰਗ ਗੇਅਰ ਕੰਪਾਰਟਮੈਂਟ ਅੰਦਰ ਕਿਸੇ ਤਰ੍ਹਾਂ ਦਾਖ਼ਲ ਹੋ ਕੇ ਦਿੱਲੀ ਪਹੁੰਚ ਗਿਆ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਐਤਵਾਰ ਸਵੇਰੇ 11 ਵਜੇ ਦੇ ਕਰੀਬ ਕੇ ਏ ਐੱਮ ਏਅਰਲਾਈਨਜ਼ ਦਾ ਜਹਾਜ਼ ਆਰ ਕਿਉ-4401 ਦੋ ਘੰਟੇ ਦੀ ਯਾਤਰਾ ਤੋਂ ਬਾਅਦ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਿਆ। ਹਾਲਾਂਕਿ ਲੜਕੇ ਨੂੰ ਐਤਵਾਰ ਨੂੰ ਉਸੇ ਉਡਾਣ ਰਾਹੀਂ ਅਫ਼ਗਾਨਿਸਤਾਨ ਵਾਪਸ ਭੇਜ ਦਿੱਤਾ ਗਿਆ। ਕੁੰਦੂਜ਼ ਸ਼ਹਿਰ ਦੇ ਰਹਿਣ ਵਾਲੇ ਇਸ ਲੜਕੇ ਨੂੰ ਏਅਰਲਾਈਨ ਦੇ ਕਰਮਚਾਰੀਆਂ ਨੇ ਫੜ ਲਿਆ ਅਤੇ ਸੀ ਆਈ ਐੱਸ ਐੱਫ ਦੇ ਜਵਾਨਾਂ ਨੂੰ ਸੌਂਪ ਦਿੱਤਾ। ਉਨ੍ਹਾਂ ਪੁੱਛ-ਪੜਤਾਲ ਮਗਰੋਂ ਲੜਕੇ ਨੂੰ ਉਸੇ ਉਡਾਣ ਰਾਹੀਂ ਵਾਪਸ ਅਫ਼ਗਾਨਿਸਤਾਨ ਭੇਜ ਦਿੱਤਾ।