ਪਾਕਿ ਦੇ ਖੈਬਰ ਪਖਤੂਨਖਵਾ ਵਿਚ ਫਿਦਾਈਨ ਹਮਲੇ ’ਚ 13 ਹਲਾਕ, 24 ਜ਼ਖ਼ਮੀ
ਜ਼ਖ਼ਮੀਆਂ ’ਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ; ਉਸੁਦ ਅਲ-ਅਰਬ ਨਾਂ ਦੇ ਦਹਿਸ਼ਤੀ ਸਮੂਹ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਪਿਸ਼ਾਵਰ, 28 ਜੂਨ
ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਅੱਜ ਸਵੇਰੇ ਫਿਦਾਈਨ ਹਮਲੇ ਵਿਚ ਸੁਰੱਖਿਆ ਬਲਾਂ ਦੇ 13 ਜਵਾਨ ਹਲਾਕ ਹੋ ਗਏ ਜਦੋਂਕਿ 24 ਹੋਰ ਜ਼ਖਮੀ ਦੱਸੇ ਜਾਂਦੇ ਹਨ। ਸੂਤਰਾਂ ਨੇ ਕਿਹਾ ਕਿ ਖ਼ੁਦਕੁਸ਼ ਬੰਬਾਰ ਨੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਖੱਡੀ ਇਲਾਕੇ ਵਿਚ ਅੱਜ ਸਵੇਰੇ ਵਿਸਫੋਟਕਾਂ ਨਾਲ ਲੱਦਿਆਂ ਵਾਹਨ ਬੰਬ ਨਕਾਰਾ ਯੂਨਿਟ ਦੇ ਵਾਹਨ ਵਿਚ ਮਾਰਿਆ। ਜ਼ਖ਼ਮੀਆਂ ਵਿਚ 14 ਆਮ ਨਾਗਰਿਕ ਹਨ, ਜਿਨ੍ਹਾਂ ਵਿਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ। ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
ਸੂਤਰਾਂ ਨੇ ਕਿਹਾ ਕਿ ਫੌਜ ਦੀ ਆਮਦੋਰਫ਼ਤ ਕਰਕੇ ਹਮਲੇ ਮੌਕੇ ਇਲਾਕੇ ਵਿਚ ਕਰਫਿਊ ਆਇਦ ਸੀ। ਧਮਾਕੇ ਮਗਰੋਂ ਸੁਰੱਖਿਆ ਏਜੰਸੀਆਂ ਨੇ ਰਾਹਤ ਤੇ ਬਚਾਅ ਕਾਰਜ ਵਿੱਢ ਦਿੱਤੇ ਹਨ। ਹਮਲੇ ਦੀ ਜ਼ਿੰਮੇਵਾਰੀ ਉਸੁਦ ਅਲ-ਅਰਬ ਨਾਂ ਦੇ ਦਹਿਸ਼ਤੀ ਸਮੂਹ ਨੇ ਲਈ ਹੈ, ਜੋ ਅੱਗੇ ਹਾਫਿਜ਼ ਗੁਲ ਬਹਾਦੁਰ ਗਰੁੱਪ ਦਾ ਹੀ ਧੜਾ ਹੈ। ਫਿਦਾਈਨ ਹਮਲੇ ਨੂੰ ਹਾਲੀਆ ਮਹੀਨਿਆਂ ਵਿਚ ਉੱਤਰੀ ਵਜ਼ੀਰਿਸਤਾਨ ਵਿਚ ਸਭ ਤੋਂ ਘਾਤਕ ਹਮਲਾ ਮੰਨਿਆ ਜਾ ਰਿਹਾ ਹੈ, ਜਿਸ ਨੇ ਖਿੱਤੇ ਵਿਚ ਸੁਰੱਖਿਆ ਨਾਲ ਜੁੜੇ ਫ਼ਿਕਰਾਂ ਨੂੰ ਵਧਾ ਦਿੱਤਾ ਹੈ। -ਪੀਟੀਆਈ