11.8 ਕਰੋੜ ਦੀ ਠੱਗੀ ਮਾਮਲਾ: Digital Arrest ਕਰਨ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ
ਬੰਗਲੁਰੂ, 21 ਜਨਵਰੀ
ਬੀਤੇ ਵਰ੍ਹੇ ਨਵੰਬਰ ਵਿਚ ‘ਡਿਜੀਟਲ ਗ੍ਰਿਫਤਾਰੀ’ ਘੁਟਾਲੇ ਰਾਹੀਂ ਇਕ ਸਾਫਟਵੇਅਰ ਇੰਜੀਨੀਅਰ ਨਾਲ 11.8 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਧਵਲ ਭਾਈ ਸ਼ਾਹ (34) ਨੂੰ ਅਹਿਮਦਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ ਤਰੁਣ ਨਟਨੀ (24) ਅਤੇ ਕਰਨ ਸ਼ਾਮਦਾਸਾਨੀ (28) ਨੂੰ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਾਸਨਗਰ ਤੋਂ 10 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਦੋਸ਼ੀਆਂ ਦੇ ਵੱਖ-ਵੱਖ ਬੈਂਕ ਖਾਤਿਆਂ ’ਚੋਂ 3.7 ਕਰੋੜ ਰੁਪਏ ਵੀ ਜ਼ਬਤ ਕਰ ਲਏ ਹਨ ਜਦਕਿ ਇਨ੍ਹਾਂ ਦੇ ਗਿਰੋਹ ਦੇ ਬਾਕੀ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲੀਸ ਨੇ ਕਿਹਾ ਕਿ ਗਿਰੋਹ ਦਾ ਸ਼ੱਕੀ ਸਰਗਨਾ ਦੁਬਈ ਵਿੱਚ ਹੋਣ ਦੀ ਸੰਭਾਵਨਾ ਹੈ ਜਿੱਥੋਂ ਉਹ ਕੰਮ ਕਰਦਾ ਹੈ,ਉਨ੍ਹਾਂ ਕਿਹਾ ਕਿ ਪੀੜਤ 39 ਸਾਲਾ ਵਿਜੇ ਕੁਮਾਰ ਨੂੰ ਇੱਕ ਮਹੀਨੇ ਲਈ ‘ਡਿਜੀਟਲ ਗ੍ਰਿਫਤਾਰੀ’ ਵਿੱਚ ਰੱਖਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਪੁਲੀਸ ਅਧਿਕਾਰੀ ਵਜੋਂ ਧੋਖਾਧੜੀ ਕਰਨ ਵਾਲੇ ਧੋਖੇਬਾਜ਼ਾਂ ਨੇ ਮਨੀ ਲਾਂਡਰਿੰਗ ਲਈ ਬੈਂਕ ਖਾਤੇ ਖੋਲ੍ਹਣ ਲਈ ਪੀੜਤ ਦੇ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ। ਇਹ ਧੋਖਾਧੜੀ 25 ਨਵੰਬਰ ਤੋਂ 12 ਦਸੰਬਰ ਦਰਮਿਆਨ ਹੋਈ ਸੀ।
ਪੀੜਤ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ 11 ਨਵੰਬਰ ਨੂੰ ਉਸ ਨੂੰ ਇੱਕ ਵਿਅਕਤੀ ਦਾ ਫ਼ੋਨ ਆਇਆ ਜਿਸ ਨੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦਾ ਅਧਿਕਾਰੀ ਹੋਣ ਦਾ ਦਾਅਵਾ ਕੀਤਾ ਸੀ। ਵਿਅਕਤੀ ਨੇ ਦਾਅਵਾ ਕੀਤਾ ਕਿ ਪੀੜਤ ਦਾ ਸਿਮ ਕਾਰਡ, ਜੋ ਕਿ ਆਧਾਰ ਕਾਰਡ ਨਾਲ ਲਿੰਕ ਕੀਤਾ ਗਿਆ ਸੀ, ਦੀ ਵਰਤੋਂ ਗੈਰ-ਕਾਨੂੰਨੀ ਇਸ਼ਤਿਹਾਰਾਂ ਅਤੇ ਪਰੇਸ਼ਾਨ ਕਰਨ ਵਾਲੇ ਸੰਦੇਸ਼ਾਂ ਲਈ ਕੀਤੀ ਜਾਂਦੀ ਸੀ। ਧੋਖੇਬਾਜ਼ ਨੇ ਅੱਗੇ ਧਮਕੀ ਦਿੱਤੀ ਕਿ ਇਸ ਸਬੰਧ ਵਿਚ ਮੁੰਬਈ ਦੇ ਕੋਲਾਬਾ ਸਾਈਬਰ ਪੁਲੀਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਐਫਆਈਆਰ ਦੇ ਅਨੁਸਾਰ ਪੀੜਤ ਨੇ ਗ੍ਰਿਫਤਾਰੀ ਦੇ ਡਰੋਂ ਕਈ ਵਾਰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਇੱਕ ਤੋਂ ਵੱਧ ਲੈਣ-ਦੇਣ ਵਿੱਚ ਕੁੱਲ 11.8 ਕਰੋੜ ਰੁਪਏ ਟਰਾਂਸਫਰ ਕੀਤੇ। ਹਾਲਾਂਕਿ ਜਦੋਂ ਉਹ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ ਤਾਂ ਪੀੜਤ ਨੂੰ ਪਤਾ ਲੱਗਾ ਕਿ ਉਹ ਧੋਖੇਬਾਜ਼ਾਂ ਦਾ ਸ਼ਿਕਾਰ ਹੋ ਗਿਆ ਹੈ ਅਤੇ ਉਸਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪੀਟੀਆਈ
ਇਹ ਵੀ ਪੜ੍ਹੋ: