ਸੱਟੇਬਾਜ਼ੀ ਐਪ ਮਾਮਲੇ ਵਿੱਚ ਯੁਵਰਾਜ ਸਿੰਘ ਈਡੀ ਅੱਗੇ ਪੇਸ਼
ਜਾਂਚ ਏਜੰਸੀ ਨੇ ‘ਵਨ ਐਕਸ ਬੈੱਟ’ ਅੈਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ 7 ਘੰਟੇ ਕੀਤੀ ਪੁੱਛ-ਪਡ਼ਤਾਲ
ਭਾਰਤ ਦਾ ਸਾਬਕਾ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਆਨਲਾਈਨ ਸੱਟੇਬਾਜ਼ੀ ਐਪ ‘ਵਨ ਐਕਸ ਬੈੱਟ’ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ-ਪੜਤਾਲ ਲਈ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਇਆ। 43 ਸਾਲਾ ਯੁਵਰਾਜ ਦੁਪਹਿਰ 12 ਵਜੇ ਏਜੰਸੀ ਦੇ ਦਫ਼ਤਰ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਇਸ ਹਰਫ਼ਨਮੌਲਾ ਖਿਡਾਰੀ ਤੋਂ 7 ਘੰਟੇ ਪੁੱਛ-ਪੜਤਾਲ ਕੀਤੀ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ ਐੱਮ ਐੱਲ ਏ) ਤਹਿਤ ਉਸ ਦੇ ਬਿਆਨ ਦਰਜ ਕੀਤੇ। ਇਸੇ ਮਾਮਲੇ ਵਿੱਚ ਇਨਫਲੂਐਂਸਰ ਅਨਵੇਸ਼ੀ ਜੈਨ ਵੀ ਪੁੱਛ-ਪੜਤਾਲ ਲਈ ਈਡੀ ਸਾਹਮਣੇ ਪੇਸ਼ ਹੋਈ। ਈਡੀ ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ, ਸ਼ਿਖਰ ਧਵਨ, ਰੌਬਿਨ ਉਥੱਪਾ, ਟੀ ਐੱਮ ਸੀ ਦੀ ਸਾਬਕਾ ਸੰਸਦ ਮੈਂਬਰ ਤੇ ਬੰਗਾਲੀ ਅਦਾਕਾਰਾ ਮਿਮੀ ਚੱਕਰਵਰਤੀ ਅਤੇ ਅਦਾਕਾਰ ਅੰਕੁਸ਼ ਹਾਜ਼ਰਾ ਤੋਂ ਵੀ ਪੁੱਛ-ਪੜਤਾਲ ਕਰ ਚੁੱਕੀ ਹੈ। ਅਦਾਕਾਰ ਸੋਨੂੰ ਸੂਦ ਨੂੰ ਬੁੱਧਵਾਰ ਨੂੰ ਪੁੱਛ-ਪੜਤਾਲ ਲਈ ਬੁਲਾਇਆ ਗਿਆ ਹੈ। ਇਹ ਕਰੋੜਾਂ ਦੀ ਧੋਖਾਧੜੀ ਅਤੇ ਕਥਿਤ ਤੌਰ ’ਤੇ ਵੱਡੀ ਮਾਤਰਾ ਵਿੱਚ ਸਿੱਧੇ ਅਤੇ ਅਸਿੱਧੇ ਟੈਕਸਾਂ ਤੋਂ ਬਚਣ ਦੇ ਦੋਸ਼ਾਂ ਵਾਲੇ ਪਲੇਟਫਾਰਮਾਂ ਖ਼ਿਲਾਫ਼ ਈਡੀ ਦੀ ਵਿਆਪਕ ਜਾਂਚ ਦਾ ਹਿੱਸਾ ਹੈ। ਆਉਣ ਵਾਲੇ ਦਿਨਾਂ ਵਿੱਚ ਏਜੰਸੀ ਵੱਲੋਂ ਕੁਝ ਹੋਰ ਖਿਡਾਰੀਆਂ, ਅਦਾਕਾਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ।