ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ ਅਮਨ ਤੇ ਫ੍ਰੀਸਟਾਈਲ ਕੋਚਾਂ ਨੂੰ ‘ਕਾਰਨ ਦੱਸੋ’ ਨੋਟਿਸ
27 ਤੱਕ ਜਵਾਬ ਮੰਗਿਆ; ਵਿਸ਼ਵ ਚੈਂਪੀਅਨਸ਼ਿਪ ’ਚ ਤੈਅ ਭਾਰ ਬਰਕਰਾਰ ਰੱਖਣ ’ਚ ਨਾਕਾਮ ਰਿਹਾ ਸੀ ਅਮਨ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ ਐੱਫ ਆਈ) ਨੇ ਪੈਰਿਸ ਓਲੰਪਿਕ ਵਿਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਅਮਨ ਸਹਿਰਾਵਤ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਸਹਿਰਾਵਤ ਪਿਛਲੇ ਦਿਨੀਂ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਨਿਰਧਾਰਤ ਭਾਰ ਬਰਕਰਾਰ ਰੱਖਣ ਵਿਚ ਨਾਕਾਮ ਰਿਹਾ ਸੀ। ਅਮਨ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋ ਭਾਰ ਵਰਗ ਵਿਚ ਤਗ਼ਮੇ ਦਾ ਮੁੱਖ ਦਾਅਵੇਦਾਰ ਸੀ ਪਰ ਮੁਕਾਬਲੇ ਵਾਲੇ ਦਿਨ ਉਸ ਦਾ ਭਾਰ ਨਿਰਧਾਰਤ ਹੱਦ ਨਾਲੋਂ 1.7 ਕਿਲੋ ਵੱਧ ਨਿਕਲਿਆ ਤੇ ਉਸ ਨੂੰ ਮੁਕਾਬਲੇ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਭਾਰਤੀ ਕੁਸ਼ਤੀ ਫੈਡਰੇਸ਼ਨ ਕਿਹਾ ਕਿ ਜ਼ਗਰੇਬ ਵਿਚ ਚਾਰ ਕੋਚ ਮੌਜੂਦ ਸਨ, ਪਰ ਇਸ ਦੇ ਬਾਵਜੂਦ ਉਹ ਪਹਿਲਵਾਨ ਦੇ ਭਾਰ ’ਤੇ ਨਜ਼ਰ ਕਿਉਂ ਨਹੀਂ ਰੱਖ ਸਕੇ। ਫੈਡਰੇਸ਼ਨ ਨੇ ਕੋਚਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
ਫੈਡਰੇਸ਼ਨ ਦੇ ਅਧਿਕਾਰੀ ਨੇ ਕਿਹਾ, ‘ਇਹ ਸਵੀਕਾਰਯੋਗ ਨਹੀਂ ਹੈ। ਸਾਨੂੰ ਇਸ ਪਿਛਲੇ ਕਾਰਨ ਲੱਭਣੇ ਹੋਣਗੇ। ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਸਾਡੇ ਦੋ ਚੰਗੇ ਪਹਿਲਵਾਨ ਅਯੋਗ ਹੋ ਗਏ ਹਨ। ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਇਹੀ ਕਾਰਨ ਹੈ ਕਿ ਅਸੀਂ ਅਮਨ ਸਹਿਰਾਵਤ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।’ ਮੁੱਖ ਕੋਚ ਜਗਮੰਦਰ ਸਿੰਘ, ਵਿਨੋਦ, ਵੀਰੇਂਦਰ ਤੇ ਨਰੇਂਦਰ, ਜੋ ਫ੍ਰੀਸਟਾਈਲ ਪਹਿਲਵਾਨ ਨਾਲ ਸਨ, ਕੋਲੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ।