ਜਲਦੀ ਕਾਮਯਾਬ ਹੋਣ ਲਈ ਡੋਪਿੰਗ ਦੀ ਦਲਦਲ ’ਚ ਫਸ ਰਹੇ ਹਨ ਪਹਿਲਵਾਨ
ਸਮੇਂ-ਸਮੇਂ ’ਤੇ ਵਿਵਾਦਾਂ ਵਿੱਚ ਘਿਰੇ ਰਹਿਣ ਦੇ ਬਾਵਜੂਦ ਓਲੰਪਿਕ ਖੇਡ ਵਜੋਂ ਕੁਸ਼ਤੀ ਦਾ ਗ੍ਰਾਫ ਲਗਾਤਾਰ ਉੱਪਰ ਉੱਠਦਾ ਰਿਹਾ ਹੈ। ਭਾਰਤੀ ਪਹਿਲਵਾਨ ਹੁਣ ਵੱਕਾਰੀ ਟੂਰਨਾਮੈਂਟਾਂ ਵਿੱਚ ਤਗਮੇ ਦੇ ਦਾਅਵੇਦਾਰਾਂ ਵਜੋਂ ਹਿੱਸਾ ਲੈਂਦੇ ਹਨ। ਇਸ ਨਾਲ ਖਿਡਾਰੀਆਂ ਨੂੰ ਆਰਥਿਕ ਤੌਰ ’ਤੇ ਵੀ ਫਾਇਦਾ ਹੋਇਆ ਅਤੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲੀਆਂ। ਇਸ ਦਾ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮਾਨਸਿਕਤਾ ’ਤੇ ਡੂੰਘਾ ਪ੍ਰਭਾਵ ਪਿਆ ਹੈ। ਅਜਿਹੀ ਸਥਿਤੀ ਵਿੱਚ ਕੁਝ ਖਿਡਾਰੀਆਂ ਨੇ ਜਲਦੀ ਸਫਲਤਾ ਹਾਸਲ ਕਰਨ ਅਤੇ ਜਾਗਰੂਕਤਾ ਦੀ ਘਾਟ ਕਾਰਨ ਡੋਪਿੰਗ ਦਾ ਗਲਤ ਰਸਤਾ ਚੁਣਿਆ। ਡੋਪਿੰਗ ਦੇ ਮਾਮਲੇ ਵਿੱਚ ਮੁਕੱਦਮਾ ਲੜ ਰਹੇ ਇੱਕ ਨਾਬਾਲਗ ਪਹਿਲਵਾਨ ਦੇ ਪਿਤਾ ਨੇ ਕਿਹਾ, ‘ਮੈਂ ਖੇਡ ਜਗਤ ਤੋਂ ਨਹੀਂ ਹਾਂ, ਇਸ ਲਈ ਸਾਨੂੰ ਨਹੀਂ ਪਤਾ ਕਿ ਸਹੀ ਕਦਮ ਕੀ ਹੈ।’
ਸਪਲੀਮੈਂਟ ਸਪਲਾਇਰਾਂ ’ਤੇ ਪਹਿਲਵਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼
ਹਰਿਆਣਾ ਦੇ ਕਈ ਪਰਿਵਾਰਾਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਸੂਬੇ ਵਿੱਚ, ਖਾਸ ਕਰਕੇ ਰੋਹਤਕ ਵਿੱਚ, ਕਈ ਸਥਾਨਕ ਸਪਲੀਮੈਂਟ ਸਪਲਾਇਰ ਪਹਿਲਵਾਨਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਦਾ ਵਾਅਦਾ ਕਰਕੇ ਮਾਪਿਆਂ ਅਤੇ ਪਹਿਲਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਨੇ ਕਿਹਾ ਕਿ ਸਪਲੀਮੈਂਟਾਂ ਦੀ ਅਣਅਧਿਕਾਰਤ ਵਿਕਰੀ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ। ਫੈਡਰੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, ‘ਅਜਿਹੇ ਵਿਅਕਤੀ ਬਿਨਾਂ ਬਿੱਲ ਦੇ ਸਭ ਕੁਝ ਵੇਚਦੇ ਹਨ। ਜੇ ਇਹ ਪਹਿਲਵਾਨ ਨਾਡਾ ਦੇ ਸਾਹਮਣੇ ਬਿੱਲ ਪੇਸ਼ ਕਰ ਸਕਦੇ ਹਨ, ਤਾਂ ਉਹ ਸਪਲੀਮੈਂਟਸ ਨੂੰ ਜਾਂਚ ਲਈ ਭੇਜ ਸਕਦੇ ਹਨ। ਪਰ ਸਮੱਸਿਆ ਇਹ ਹੈ ਕਿ ਉਹ ਕਦੇ ਬਿੱਲ ਦਿੰਦੇ ਹੀ ਨਹੀਂ। ਅਸੀਂ ਆਪਣੇ ਪਹਿਲਵਾਨਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਅਣਅਧਿਕਾਰਤ ਲੋਕਾਂ ਤੋਂ ਸਪਲੀਮੈਂਟ ਨਾ ਲੈਣ।’