ਵਿਸ਼ਵ ਯੂਨੀਵਰਸਿਟੀ ਖੇਡਾਂ: ਪੰਜ ਸੋਨ ਤਗ਼ਮਿਆਂ ਦੀ ਬਦੌਲਤ ਭਾਰਤ ਸੂਚੀ ’ਚ ਚੌਥੇ ਸਥਾਨ ’ਤੇ
ਨਵੀਂ ਦਿੱਲੀ, 30 ਜੁਲਾਈ
ਅਮਨ ਸੈਣੀ ਅਤੇ ਪ੍ਰਗਤੀ ਦੀ ਕੰਪਾਊਂਡ ਮਿਕਸਡ ਤੀਰਅੰਦਾਜ਼ੀ ਟੀਮ ਨੇ ਅੱਜ ਚੀਨ ਦੇ ਚੇਂਗਦੂ ਵਿੱਚ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ਾਂ ਨੇ ਚਾਰ ਸੋਨੇ ਦੇ ਤਗ਼ਮੇ ਜਿੱਤੇ ਹਨ। ਅਮਨ ਅਤੇ ਪ੍ਰਗਤੀ ਨੇ ਫਾਈਨਲ ਦੇ ਦਿਲਚਸਪ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਰੀਆ ਦੇ ਸੁਆ ਚੋ ਅਤੇ ਸੇਓਂਗਯੂਨ ਪਾਰਕ ਨੂੰ 157-156 ਨਾਲ ਹਰਾਇਆ। ਕਾਂਸੇ ਦਾ ਤਗ਼ਮਾ ਮਿੰਗ ਚਿੰਗ ਲਿਨ ਅਤੇ ਜ਼ਵੇਈ ਵੂ ਦੀ ਚੀਨੀ ਤਾਇਪੇ ਜੋੜੀ ਨੇ ਜਿੱਤਿਆ। ਭਾਰਤ ਪੰਜ ਸੋਨੇ, ਦੋ ਚਾਂਦੀ ਅਤੇ ਚਾਰ ਕਾਂਸੇ ਸਮੇਤ ਕੁੱਲ 11 ਤਗ਼ਮੇ ਜਿੱਤ ਕੇ ਤਗ਼ਮਾ ਸੂਚੀ ਵਿੱਚ ਚੌਥਾ ਸਥਾਨ ਮੱਲਿਆ ਹੈ। ਭਾਰਤੀ ਖਿਡਾਰੀਆਂ ਨੇ ਤੀਰਅੰਦਾਜ਼ੀ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਦੇ ਕੰਪਾਊਂਡ ਟੀਮ ਮੁਕਾਬਲੇ ਵਿੱਚ ਦੋ ਹੋਰ ਤਗ਼ਮੇ ਜਿੱਤੇ। ਸੰਗਮਪ੍ਰੀਤ ਬੀਸਲਾ, ਅਮਨ ਸੈਣੀ ਅਤੇ ਰਿਸ਼ਭ ਯਾਦਵ ਦੀ ਪੁਰਸ਼ ਕੰਪਾਊਂਡ ਟੀਮ ਨੇ ਵਿਰੋਧੀ ਕੋਰਿਆਈ ਖਿਡਾਰੀਆਂ ਮਿਨਚਾਂਗ ਕਵੋਨ, ਹਾਕਜਿਨ ਸਿਮ ਅਤੇ ਸੇਓਂਗਯੂਨ ਪਾਰਕ ਖ਼ਿਲਾਫ਼ 229-225 ਦੇ ਸਕੋਰ ਨਾਲ ਜਿੱਤ ਹਾਸਲ ਕਰਕੇ ਕਾਂਸੇ ਦਾ ਤਗ਼ਮਾ ਜਿੱਤਿਆ। ਪੂਰਵਸ਼ਾ, ਪ੍ਰਗਤੀ ਅਤੇ ਅਵਨੀਤ ਦੀ ਮਹਿਲਾ ਕੰਪਾਊਂਡ ਤਿੱਕੜੀ ਫਾਈਨਲ ਵਿੱਚ ਸੂਇਨ ਸਿਮ, ਸੇਓਂਗਯੂਨ ਹਾਨ ਅਤੇ ਸੁਆ ਚੋ ਦੀ ਕੋਰਿਆਈ ਟੀਮ ਤੋਂ 224-229 ਨਾਲ ਹਾਰ ਗਈ, ਜਿਸ ਕਾਰਨ ਉਸ ਨੂੰ ਚਾਂਦੀ ਦੇ ਤਗ਼ਮਾ ਨਾਲ ਸਬਰ ਕਰਨਾ ਪਿਆ। -ਪੀਟੀਆਈ
ਨਿਸ਼ਾਨੇਬਾਜ਼ੀ ’ਚ ਐਸ਼ਵਰਿਆ ਨੇ ਸੋਨ ਤਗ਼ਮਾ ਜਿੱਤਿਆ
ਭਾਰਤੀ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ ਵਿੱਚ ਚਾਰ ਤਗ਼ਮੇ ਜਿੱਤੇ ਹਨ। ਐਸ਼ਵਰਿਆ ਨੇ 50 ਮੀਟਰ ਰਾਈਫਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਵਿਜੈਵੀਰ, ਉਦੈਵੀਰ ਸਿੱਧੂ ਅਤੇ ਆਦਰਸ਼ ਸਿੰਘ ਨੇ ਕੁੱਲ 1729 ਦੇ ਸਕੋਰ ਨਾਲ 25 ਮੀਟਰ ਰੈਪਿਡ ਫਾਇਰ ਪਿਸਟਲ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਵਿਜੈਵੀਰ ਨੇ ਵਿਅਕਤੀਗਤ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਸੂਰਿਆ ਪ੍ਰਤਾਪ, ਸਰਤਾਜ ਸਿੰਘ ਅਤੇ ਐਸ਼ਵਰਿਆ ਤੋਮਰ ਨੇ 50 ਮੀਟਰ ਫਾਈਨਲ ਟੀਮ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। -ਪੀਟੀਆਈ