ਬ੍ਰਿਸਟਲ, 30 ਜੂਨ
ਪਹਿਲੇ ਮੈਚ ਵਿੱਚ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਕ੍ਰਿਕਟ ਟੀਮ ਮੰਗਲਵਾਰ ਨੂੰ ਇੱਥੇ ਇੰਗਲੈਂਡ ਖ਼ਿਲਾਫ਼ ਦੂਜੇ ਮਹਿਲਾ ਟੀ-20 ਕੌਮਾਂਤਰੀ ਮੈਚ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਜੇਤੂ ਮੁਹਿੰਮ ਜਾਰੀ ਰੱਖਣਾ ਚਾਹੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 11:00 ਵਜੇ ਸ਼ੁਰੂ ਹੋਵੇਗਾ। ਪਹਿਲੇ ਟੀ-20 ਮੈਚ ਵਿੱਚ ਭਾਰਤ ਨੇ ਮੰਧਾਨਾ ਦੇ ਇਸ ਫਾਰਮੈਟ ਵਿੱਚ ਪਹਿਲੇ ਸੈਂਕੜੇ ਦੀ ਬਦੌਲਤ 97 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। ਦੂਜੇ ਮੈਚ ਵਿੱਚ ਹਰਮਨਪ੍ਰੀਤ ਦੀ ਵਾਪਸੀ ਜਿੱਥੇ ਭਾਰਤੀ ਟੀਮ ਨੂੰ ਮਜ਼ਬੂਤ ਕਰੇਗੀ, ਉੱਥੇ ਹੀ ਇੰਗਲੈਂਡ ਟੀਮ ਦੀਆਂ ਚਿੰਤਾਵਾਂ ਹੋਰ ਵਧਾ ਦੇਵੇਗੀ। ਹਰਮਨਪ੍ਰੀਤ ਨੂੰ ਅਭਿਆਸ ਮੈਚ ਦੌਰਾਨ ਸਿਰ ਵਿੱਚ ਸੱਟ ਲੱਗਣ ਤੋਂ ਬਾਅਦ ਸਾਵਧਾਨੀ ਵਜੋਂ ਪਹਿਲੇ ਮੈਚ ਲਈ ਆਰਾਮ ਦਿੱਤਾ ਗਿਆ ਸੀ। ਪਿਛਲੇ ਮੈਚ ਵਿੱਚ ਭਾਰਤ ਦੇ ਸਪਿੰਨਰਾਂ ਅੱਗੇ ਇੰਗਲੈਂਡ ਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਸੀ। ਇੰਗਲੈਂਡ ਦੇ ਬੱਲੇਬਾਜ਼ਾਂ ਕੋਲ ਭਾਰਤੀ ਸਪਿੰਨਰਾਂ ਖਾਸ ਕਰਕੇ ਖੱਬੇ ਹੱਥ ਦੀ ਸਪਿੰਨਰ ਸ਼੍ਰੀ ਚਰਨੀ ਦਾ ਕੋਈ ਜਵਾਬ ਨਹੀਂ ਸੀ। ਉਸ ਨੇ ਆਪਣੇ ਪਹਿਲੇ ਟੀ-20 ਮੈਚ ਵਿੱਚ ਚਾਰ ਵਿਕਟਾਂ ਲਈਆਂ। ਭਾਰਤੀ ਟੀਮ ਆਪਣੇ ਮੁੱਖ ਤੇਜ਼ ਗੇਂਦਬਾਜ਼ਾਂ ਰੇਣੂਕਾ ਸਿੰਘ ਠਾਕੁਰ ਅਤੇ ਪੂਜਾ ਵਸਤ੍ਰਾਕਾਰ ਦੀਆਂ ਸੱਟਾਂ ਦੇ ਬਾਵਜੂਦ ਬਿਹਤਰ ਟੀਮ ਵਾਂਗ ਦਿਖਾਈ ਦੇ ਰਹੀ ਸੀ। ਹਰਲੀਨ ਦਿਓਲ ਨੂੰ ਤੀਜੇ ਨੰਬਰ ’ਤੇ ਭੇਜਣ ਦਾ ਫੈਸਲਾ ਵੀ ਸਹੀ ਸਾਬਤ ਹੋਇਆ। -ਪੀਟੀਆਈ