ਮਹਿਲਾ ਹਾਕੀ: ਜੋਤੀ ਕਰੇਗੀ ਭਾਰਤੀ ਜੂਨੀਅਰ ਟੀਮ ਦੀ ਅਗਵਾਈ
ਡਿਫੈਂਡਰ ਜੋਤੀ ਸਿੰਘ 26 ਸਤੰਬਰ ਤੋਂ 2 ਅਕਤੂਬਰ ਤੱਕ ਕੈਨਬਰਾ ਦੇ ਨੈਸ਼ਨਲ ਹਾਕੀ ਸੈਂਟਰ ਵਿੱਚ ਪੰਜ ਮੈਚਾਂ ਲਈ ਆਸਟਰੇਲੀਆ ਦਾ ਦੌਰਾ ਕਰਨ ਵਾਲੀ 23 ਮੈਂਬਰੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੀ ਅਗਵਾਈ ਕਰੇਗੀ। ਭਾਰਤੀ ਟੀਮ ਆਸਟਰੇਲੀਆ ਦੀ ਜੂਨੀਅਰ ਮਹਿਲਾ ਟੀਮ ਖ਼ਿਲਾਫ਼ ਤਿੰਨ ਮੈਚ ਖੇਡੇਗੀ। ਇਸ ਤੋਂ ਬਾਅਦ ਉਹ ਆਸਟਰੇਲੀਆ ਦੀ ਹਾਕੀ ਵਨ ਲੀਗ ਵਿੱਚ ਹਿੱਸਾ ਲੈਣ ਵਾਲੇ ਕਲੱਬ ਕੈਨਬਰਾ ਚਿਲ ਖ਼ਿਲਾਫ਼ ਦੋ ਮੈਚ ਖੇਡੇਗੀ। ਇਹ ਦੌਰਾ ਦਸੰਬਰ ਵਿੱਚ ਚਿਲੀ ਦੇ ਸੈਂਟੀਆਗੋ ਵਿੱਚ ਹੋਣ ਵਾਲੇ ਐੱਫ ਆਈ ਐੱਚ ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ 2025 ਦੀ ਤਿਆਰੀ ਲਈ ਅਹਿਮ ਹੋਵੇਗਾ। ਭਾਰਤੀ ਟੀਮ ਵਿੱਚ ਨਿਧੀ ਅਤੇ ਏਂਜਲ ਹਰਸ਼ਾ ਰਾਣੀ ਮਿੰਜ ਗੋਲਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣਗੀਆਂ, ਜਦਕਿ ਡਿਫੈਂਸ ਵਿੱਚ ਮਨੀਸ਼ਾ, ਜੋਤੀ, ਲਾਲਥੰਤੁਲਆਂਗੀ, ਮਮਿਤਾ ਓਰਮ, ਸਾਕਸ਼ੀ ਸ਼ੁਕਲਾ, ਪੂਜਾ ਸਾਹੂ ਅਤੇ ਨੰਦਨੀ ਸ਼ਾਮਲ ਹੋਣਗੀਆਂ। ਮਿਡਫੀਲਡ ਵਿੱਚ ਪ੍ਰਿਯੰਕਾ ਯਾਦਵ, ਸਾਕਸ਼ੀ ਰਾਣਾ, ਖੈਦੇਮ ਸ਼ਿਲੇਮਾ ਚਾਨੂ, ਰਜਨੀ ਕੇਰਕੇਟਾ, ਬਿਨੀਮਾ ਧਨ, ਇਸ਼ੀਕਾ, ਸੁਨੇਲਿਤਾ ਟੋਪੋ ਅਤੇ ਅਨੀਸ਼ਾ ਸਾਹੂ ਸ਼ਾਮਲ ਹਨ। ਇਸੇ ਤਰ੍ਹਾਂ ਫਾਰਵਰਡ ਲਾਈਨ ਵਿੱਚ ਲਾਲਰਿਨਪੁਈ, ਨਿਸ਼ਾ ਮਿੰਜ, ਪੂਰਨਿਮਾ ਯਾਦਵ, ਸੋਨਮ, ਕਨਿਕਾ ਸਿਵਾਚ ਅਤੇ ਸੁਖਵੀਰ ਕੌਰ ਸ਼ਾਮਲ ਹਨ।