ਮਹਿਲਾ ਹਾਕੀ: ਭਾਰਤ ਨੇ ਮਲੇਸ਼ੀਆ ਨੂੰ 6-0 ਨਾਲ ਹਰਾਇਆ
ਹਾਂਗਜ਼ੂ, 29 ਸਤੰਬਰ
ਏਸ਼ਿਆਈ ਖੇਡਾਂ ਵਿਚ ਅੱਜ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਨੂੰ 6-0 ਨਾਲ ਕਰਾਰੀ ਮਾਤ ਦਿੱਤੀ। ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਸ਼ੁਰੂਆਤੀ ਮੈਚ ਵਿਚ ਭਾਰਤੀ ਔਰਤਾਂ ਨੇ ਸਿੰਗਾਪੁਰ ਨੂੰ ਹਰਾਇਆ ਸੀ। ਭਾਰਤੀ ਟੀਮ ਨੇ ਪੂਲ ‘ਏ’ ਦੇ ਇਸ ਮੈਚ ਦੇ ਪਹਿਲੇ ਕੁਆਰਟਰ ’ਚ ਚਾਰ ਗੋਲ ਦਾਗੇ। ਮੋਨਿਕਾ (ਸੱਤਵੇਂ ਮਿੰਟ) ਨੇ ਭਾਰਤ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਉਪ ਕਪਤਾਨ ਦੀਪ ਗਰੇਸ ਏਕਾ (8ਵੇਂ), ਨਵਨੀਤ ਕੌਰ (11ਵੇਂ), ਵੈਸ਼ਨਵੀ ਵਿੱਠਲ ਫਾਲਕੇ (15ਵੇਂ), ਸੰਗੀਤਾ ਕੁਮਾਰੀ (24ਵੇਂ) ਤੇ ਲਾਲਰੇਮਸਿਆਮੀ ਨੇ 50ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਨੇ ਪਿਛਲੇ ਮੈਚ ਵਿਚ ਸਿੰਗਾਪੁਰ ਨੂੰ 13-0 ਨਾਲ ਹਰਾਇਆ ਸੀ। ਪੂਲ ਵਿਚ ਭਾਰਤ ਦਾ ਅਗਲਾ ਮੈਚ ਕੋਰੀਆ ਨਾਲ ਐਤਵਾਰ ਨੂੰ ਹੋਵੇਗਾ। ਇਸ ਤੋਂ ਪਹਿਲਾਂ ਉਮੀਦ ਮੁਤਾਬਕ ਭਾਰਤ ਨੇ ਸੱਤਵੇਂ ਮਿੰਟ ਵਿਚ ਲੀਡ ਹਾਸਲ ਕੀਤੀ। ਮੋਨਿਕਾ ਨੇ ਫੀਲਡ ਗੋਲ ਕਰ ਕੇ ਭਾਰਤ ਦਾ ਸਕੋਰ 1-0 ਕੀਤਾ। ਇਕ ਮਿੰਟ ਬਾਅਦ ਹੀ ਦੀਪ ਗਰੇਸ ਨੇ ਲੀਡ ਨੂੰ ਦੁੱਗਣੀ ਕਰ ਦਿੱਤਾ ਤੇ ਦੂਜਾ ਗੋਲ ਦਾਗਿਆ। ਉਨ੍ਹਾਂ ਪਹਿਲੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ। ਮਗਰੋਂ ਨਵਨੀਤ ਦੇ ਗੋਲ ਨਾਲ ਭਾਰਤ ਦੀ ਲੀਡ 3-0 ਹੋ ਗਈ। ਭਾਰਤ ਨੂੰ 15ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਤੇ ਵੈਸ਼ਨਵੀ ਨੇ ਇਸ ਨੂੰ ਗੋਲ ਵਿਚ ਤਬਦੀਲ ਕਰ ਕੇ ਲੀਡ 4-0 ਕਰ ਦਿੱਤੀ। ਸੰਗੀਤਾ ਨੇ 24ਵੇਂ ਮਿੰਟ ਵਿਚ ਲੀਡ ਨੂੰ 5-0 ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੂੰ ਮੈਚ ਵਿਚ ਕਈ ਹੋਰ ਪੈਨਲਟੀ ਕਾਰਨਰ ਵੀ ਮਿਲੇ ਪਰ ਇਹ ਗੋਲ ਵਿਚ ਤਬਦੀਲ ਨਹੀਂ ਹੋ ਸਕੇ। ਭਾਰਤ ਨੇ ਛੇਵਾਂ ਗੋਲ 50ਵੇਂ ਮਿੰਟ ਵਿਚ ਕੀਤਾ। ਮੈਚ ਦੇ ਬਾਕੀ ਬਚੇ ਸਮੇਂ ਵਿਚ ਵੀ ਭਾਰਤ ਨੂੰ ਦੋ ਹੋਰ ਪੈਨਲਟੀ ਕਾਰਨਰ ਮਿਲੇ ਪਰ ਗੋਲ ਨਹੀਂ ਹੋ ਸਕੇ। -ਪੀਟੀਆਈ