ਚੀਨ ’ਚ ਮਹਿਲਾ ਹਾਕੀ ਏਸ਼ੀਆ ਕੱਪ ਅੱਜ ਤੋਂ
ਮਹਿਲਾ ਹਾਕੀ ਏਸ਼ੀਆ ਕੱਪ ਸ਼ੁੱਕਰਵਾਰ ਤੋਂ ਹਾਂਗਜ਼ੂ ’ਚ ਸ਼ੁਰੂ ਹੋਵੇਗਾ ਜਿੱਥੇ ਭਾਰਤੀ ਮਹਿਲਾ ਟੀਮ ਪਹਿਲਾ ਮੁਕਾਬਲਾ ਥਾਈਲੈਂਡ ਨਾਲ ਖੇਡੇਗੀ। ਮੁੱਖ ਖਿਡਾਰਨਾਂ ਦੀਆਂ ਸੱਟਾਂ ਕਾਰਨ ਪ੍ਰੇਸ਼ਾਨ ਰਹੀ ਭਾਰਤੀ ਟੀਮ ਪਿਛਲੀਆਂ ਨਾਕਾਮੀਆਂ ਨੂੰ ਭੁਲਾ ਕੇ ਜਿੱੱਤ ਨਾਲ ਨਵੀਂ ਸ਼ੁਰੂਆਤ ਕਰਨਾ ਚਾਹੇਗੀ। ਟੀਮ ਦੀ ਕਮਾਨ ਸਲੀਮਾ ਟੇਟੇ ਦੇ ਹੱਥ ਹੈ।
ਵਿਸ਼ਵ ਦਰਜਾਬੰਦੀ ’ਚ ਨੌਵੇਂ ਸਥਾਨ ’ਤੇ ਕਾਬਜ਼ ਭਾਰਤੀ ਮਹਿਲਾ ਟੀਮ ਟੂਰਨਾਮੈਂਟ ਦੇ ਪੂਲ ਬੀ ਵਿੱਚ 30ਵੇਂ ਰੈਂਕਿੰਗ ਵਾਲੀ ਥਾਈਲੈਂਡ ਨਾਲ ਖੇਡੇਗੀ। ਪੂਲ ਬੀ ਦੀਆਂ ਚਾਰ ਟੀਮਾਂ ’ਚ ਜਪਾਨ ਤੇ ਸਿੰਗਾਪੁਰ ਵੀ ਸ਼ਾਮਲ ਹਨ। ਪੂਲ ਏ ਵਿੱਚ ਚੀਨ, ਦੱਖਣ ਕੋਰੀਆ, ਮਲੇਸ਼ੀਆ ਤੇ ਚੀਨੀ ਤਾਇਪੈ ਹਨ। ਚੀਨ (ਚੌਥਾ ਸਥਾਨ) ਤੋਂ ਬਾਅਦ ਭਾਰਤ ਟੂਰਨਾਮੈਂਟ ’ਚ ਸਭ ਤੋਂ ਉੱਚੀ ਦਰਜਾਬੰਦੀ ਵੀ ਟੀਮ ਹੈ। ਏਸ਼ੀਆ ਕੱਪ ਅਗਲੇ ਵਰ੍ਹੇ ਬੈਲਜੀਅਮ ਤੇ ਨੈਦਰਲੈਂਡਜ਼ ’ਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਇੰਗ ਟੂਰਨਾਮੈਂਟ ਵੀ ਹੈ। ਥਾਈਲੈਂਡ ਤੋਂ ਬਾਅਦ ਭਾਰਤ ਦਾ ਅਗਲਾ ਮੁਕਾਬਲਾ 7 ਸਤੰਬਰ ਨੂੰ ਜਪਾਨ ਨਾਲ ਤੇ 8 ਸਤੰਬਰ ਨੂੰ ਸਿੰਗਾਪੁਰ ਲਾਲ ਹੋਵੇਗਾ। ਤਜਰਬੇਕਾਰ ਗੋਲਕੀਪਰ ਸਵਿਤਾ ਤੇ ਡਰੈਗ ਫਲਿਕਰ ਦੀਪਿਕਾ ਨੂੰ ਸੱਟਾਂ ਲੱਗਣ ਕਾਰਨ ਭਾਰਤੀ ਟੀਮ ਕਮਜ਼ੋਰ ਹੋਈ ਹੈ। ਟੀਮ ਦਾ ਪ੍ਰਦਰਸ਼ਨ ਇਸ ਸਾਲ ਵਧੀਆ ਨਹੀਂ ਰਿਹਾ ਹੈ। ਭਾਰਤ ਪ੍ਰੋ ਹਾਕੀ ਲੀਗ ਦੇ ਯੂਰੋਪ ਗੇੜ ’ਚ ਆਖਰੀ ਸਥਾਨ ’ਤੇ ਰਿਹਾ ਸੀ, ਜਿੱਥੇ ਟੀਮ 16 ਮੈਚਾਂ ’ਚ 100 ਤੋਂ ਵੱਧ ਪੈਨਲਟੀ ਕਾਰਨਰਾਂ ’ਤੇ ਗੋਲ ਕਰਨ ’ਚ ਨਾਕਾਮ ਰਹੀ ਸੀ। ਪਰ ਹੁਣ ਭਾਰਤੀ ਟੀਮ ਉਸ ਪ੍ਰਦਰਸ਼ਨ ਨੂੰ ਦੁਹਰਾਉਣਾ ਨਹੀਂ ਚਾਹੇਗੀ।
ਟੂਰਨਾਮੈਂਟ ਦੇ ਦੋਵੇਂ ਪੂਲਾਂ ’ਚ ਸਿਖਰਲੀਆਂ ਦੋ-ਦੋ ਟੀਮਾਂ ਸੁਪਰ-4 ’ਚ ਪਹੁੰਚਣਗੀਆਂ। ਸੁਪਰ-4 ਵਿੱਚੋਂ ਸਿਖਰ ’ਤੇ ਰਹਿਣ ਵਾਲੀਆਂ ਦੋ ਟੀਮਾਂ 14 ਸਤੰਬਰ ਨੂੰ ਹੋਣ ਵਾਲੇ ਫਾਈਨਲ ’ਚ ਭਿੜਨਗੀਆਂ।