ਮਹਿਲਾ ਕ੍ਰਿਕਟ ਟੀਮ ਨੌਜਵਾਨਾਂ ਲਈ ਆਦਰਸ਼ ਬਣੀ: ਮੁਰਮੂ
ਵਿਸ਼ਵ ਕੱਪ ਜੇਤੂ ਟੀਮ ਨੂੰ ਸਲਾਹਿਆ; ਹਰਮਨਪ੍ਰੀਤ ਨੇ ਟੀਮ ਦੇ ਦਸਤਖ਼ਤਾਂ ਵਾਲੀ ਜਰਸੀ ਭੇਟ ਕੀਤੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਈ ਸੀ ਸੀ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਸਿਰਜਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਖਿਡਾਰਨਾਂ ਨੇ ਸਿਰਫ ਇਤਿਹਾਸ ਹੀ ਨਹੀਂ ਰਚਿਆ ਬਲਕਿ ਉਹ ਨੌਜਵਾਨ ਪੀੜ੍ਹੀ, ਖਾਸਕਰ ਲੜਕੀਆਂ ਲਈ ਆਦਰਸ਼ ਬਣ ਗਈਆਂ ਹਨ।
ਰਾਸ਼ਟਰਪਤੀ ਮੁਰਮੂ ਨੇ ਅੱਜ ਇੱਥੇ ਰਾਸ਼ਟਰਪਤੀ ਭਵਨ ਵਿੱਚ ਆਈ ਸੀ ਸੀ ਵਿਸ਼ਵ ਕੱਪ ਜੇਤੂ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ। ਇਸ ਮੌਕੇ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਉਨ੍ਹਾਂ ਨੂੰ ਸਾਰੀਆਂ ਖਿਡਾਰਨਾਂ ਦੇ ਦਸਤਖਤਾਂ ਵਾਲੀ ਟੀਮ ਦੀ ਜਰਸੀ ਭੇਟ ਕੀਤੀ। ਭਾਰਤ ਨੇ ਲੰਘੇ ਐਤਵਾਰ ਦੱਖਣੀ ਅਫਰੀਕਾ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਮਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ।
ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ, ‘‘ਨੌਜਵਾਨ ਪੀੜ੍ਹੀ, ਖਾਸਕਰ ਲੜਕੀਆਂ (ਮਹਿਲਾ ਕ੍ਰਿਕਟ ਟੀਮ ਦੀ) ਇਸ ਪ੍ਰਾਪਤੀ ਤੋਂ ਜ਼ਿੰਦਗੀ ’ਚ ਅੱਗੇ ਵਧਣ ਲਈ ਪ੍ਰੇਰਿਤ ਹੋਣਗੀਆਂ।’’ ਉਨ੍ਹਾਂ ਭਵਿੱਖ ਵਿੱਚ ਵੀ ਇਸ ਟੀਮ ਵੱਲੋਂ ਭਾਰਤੀ ਕ੍ਰਿਕਟ ਨੂੰ ਸਿਖਰ ’ਤੇ ਰੱਖਣ ਦਾ ਭਰੋਸਾ ਜਤਾਇਆ ਤੇ ਖਿਡਾਰਨਾਂ ਦੇ ਕ੍ਰਿਕਟ ਸਫਰ ’ਚ ਆਈਆਂ ਮੁਸ਼ਕਲਾਂ ਬਾਰੇ ਕਿਹਾ, ‘‘ਕਦੇ-ਕਦੇ ਤਾਂ ਖਿਡਾਰਨਾਂ ਨੂੰ ਨੀਂਦ ਵੀ ਨਹੀਂ ਆਈ ਹੋਵੇਗੀ, ਪਰ ਉਨ੍ਹਾਂ ਨੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ।’’ ਰਾਸ਼ਟਰਪਤੀ ਮੁਰਮੂ ਨੇ ਆਖਿਆ ਕਿ ਇਨ੍ਹਾਂ ਖਿਡਾਰਨਾਂ ਦੀ ਕਾਮਯਾਬੀ ਵਿੱਚ ਉਨ੍ਹਾਂ ਦੀ ਸਖਤ ਮਿਹਨਤ, ਹੁਨਰ, ਦ੍ਰਿੜ੍ਹ ਇਰਾਦੇ ਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਕ੍ਰਿਕਟ ਪ੍ਰੇਮੀਆਂ ਦੇ ਪਿਆਰ ਦੇ ਅਸ਼ੀਰਵਾਦ ਦਾ ਹੱਥ ਰਿਹਾ। ਉਨ੍ਹਾਂ ਨੇ ਟੀਮ ਦੀ ਹਰ ਮੈਂਬਰ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਦੇਸ਼ ਤੇ ਵਿਦੇਸ਼ ’ਚ ਲੱਖਾਂ ਭਾਰਤੀ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ।

