ਮਹਿਲਾ ਕ੍ਰਿਕਟ: ਨਿਊ ਚੰਡੀਗੜ੍ਹ ’ਚ ਭਾਰਤ ਤੇ ਆਸਟਰੇਲੀਆ ਦੀ ਟੱਕਰ ਅੱਜ
ਭਾਰਤ ਅਤੇ ਆਸਟਰੇਲੀਆ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਐਤਵਾਰ ਨੂੰ ਬਾਅਦ ਦੁਪਹਿਰ ਡੇਢ ਵਜੇ ਨਿਊ ਚੰਡੀਗੜ੍ਹ ਦੇ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਦੋ ਮੈਚ ਨਿਊ ਚੰਡੀਗੜ੍ਹ ਵਿੱਚ ਹੋਣਗੇ। ਦੋਵੇਂ ਦੇਸ਼ਾਂ ਦੀਆਂ ਟੀਮਾਂ ਪਿਛਲੇ ਦੋ ਦਿਨਾਂ ਤੋਂ ਸਟੇਡੀਅਮ ਵਿੱਚ ਅਭਿਆਸ ਕਰ ਰਹੀਆਂ ਹਨ। ਪੁਲੀਸ ਵੱਲੋਂ ਇਸ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਪਣੇ ਸੂਬੇ ਵਿਚ ਹੋ ਰਹੇ ਮੈਚ ਤੋਂ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਪੂਰੀ ਟੀਮ ਲੈਅ ਵਿਚ ਹੈ। ਟੀਮ ਲੜੀ ਜਿੱਤਣ ਵਿੱਚ ਕੋਈ ਕਸਰ ਨਹੀਂ ਛੱਡੇਗੀ। ਉਸ ਨੇ ਕਿਹਾ, ‘ਅਸੀਂ ਪਿਛਲੇ ਸਾਲ ਤੋਂ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਹਰ ਦਿਨ ਖੇਡ ਵਿੱਚ ਸੁਧਾਰ ਹੋ ਰਿਹਾ ਹੈ।’ ਆਸਟਰੇਲੀਆ ਦੀ ਕਪਤਾਨ ਐਲਿਸਾ ਹੀਲੀ ਨੇ ਵੀ ਚੰਗੇ ਪ੍ਰਦਰਸ਼ਨ ਦਾ ਦਾਅਵਾ ਕੀਤਾ। ਇਸ ਦੌਰਾਨ ਸਾਰਿਆਂ ਦੀ ਨਜ਼ਰ ਮੁਹਾਲੀ ਦੀ ਰਹਿਣ ਵਾਲੀ ਹਰਫਮੌਲਾ ਖਿਡਾਰਨ ਹਰਲੀਨ ਕੌਰ ਦਿਓਲ ’ਤੇ ਵੀ ਹੋਵੇਗੀ। ਹਰਲੀਨ ਦਾ ਪਰਿਵਾਰ ਵੀ ਮੁਹਾਲੀ ਵਿੱਚ ਹੀ ਰਹਿੰਦਾ ਹੈ।