ਮਹਿਲਾ ਕ੍ਰਿਕਟ: ਭਾਰਤ ਤੇ ਇੰਗਲੈਂਡ ਵਿਚਾਲੇ ਆਖ਼ਰੀ ਟੀ-20 ਮੁਕਾਬਲਾ ਅੱਜ
ਬਰਮਿੰਘਮ, 11 ਜੁਲਾਈਭਾਰਤੀ ਮਹਿਲਾ ਕ੍ਰਿਕਟ ਟੀਮ ਸ਼ਨਿਚਰਵਾਰ ਨੂੰ ਇੱਥੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਦਾ ਅੰਤ ਜਿੱਤ ਨਾਲ ਕਰਨਾ ਚਾਹੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 11:05 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਨੇ ਲੜੀ ਵਿੱਚ ਪਹਿਲਾਂ ਹੀ 3-1 ਨਾਲ ਜੇਤੂ ਲੀਡ ਲਈ ਹੋਈ ਹੈ। ਭਾਰਤੀ ਟੀਮ ਨੇ ਸ਼ੁਰੂਆਤੀ ਮੈਚਾਂ ਵਿੱਚ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਚੌਥੇ ਮੈਚ ਵਿੱਚ ਉਸ ਦੀ ਫੀਲਡਿੰਗ ਵੀ ਸ਼ਾਨਦਾਰ ਰਹੀ। ਭਾਰਤੀ ਪੁਰਸ਼ ਟੀਮ ਨੇ ਪਿਛਲੇ ਹਫ਼ਤੇ ਐਜਬਾਸਟਨ ਵਿੱਚ ਦੂਜੇ ਟੈਸਟ ’ਚ ਯਾਦਗਾਰੀ ਜਿੱਤ ਦਰਜ ਕੀਤੀ ਸੀ ਅਤੇ ਹੁਣ ਮਹਿਲਾ ਟੀਮ ਵੀ ਉਸੇ ਮੈਦਾਨ ’ਤੇ ਜਿੱਤ ਹਾਸਲ ਕਰਨ ਲਈ ਉਤਸ਼ਾਹਿਤ ਹੋਵੇਗੀ। ਭਾਰਤੀ ਸਪਿੰਨਰਾਂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਸਪਿੰਨ ਗੇਂਦਬਾਜ਼ਾਂ ਵਿਰੁੱਧ ਸੰਘਰਸ਼ ਕਰਨਾ ਪਿਆ ਹੈ। ਰਾਧਾ ਯਾਦਵ ਨੂੰ ਪਿਛਲੇ ਮੈਚ ਵਿੱਚ ਦੋ ਵਿਕਟਾਂ ਅਤੇ ਸ਼ਾਨਦਾਰ ਫੀਲਡਿੰਗ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ ਸੀ। ਮਹਿਲਾ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਸਫਲ ਸਪਿੰਨਰ ਦੀਪਤੀ ਸ਼ਰਮਾ ਦੀ ਅਗਵਾਈ ਹੇਠ ਭਾਰਤ ਦੇ ਸਪਿੰਨ ਹਮਲੇ ਦਾ ਸਾਹਮਣਾ ਕਰਨਾ ਇੰਗਲੈਂਡ ਦੇ ਬੱਲੇਬਾਜ਼ਾਂ ਲਈ ਬੁਝਾਰਤ ਬਣਿਆ ਹੋਇਆ ਹੈ। ਬੱਲੇਬਾਜ਼ੀ ਵਿਭਾਗ ਵਿੱਚ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਸ਼ੈਫਾਲੀ ਵਰਮਾ ਨਾਲ ਮਿਲ ਕੇ ਉਸ ਨੇ ਭਾਰਤ ਨੂੰ ਹਮਲਾਵਰ ਸ਼ੁਰੂਆਤ ਦਿੱਤੀ ਹੈ। ਜੇਮੀਮਾ ਰੌਡਰਿਗਜ਼ ਮੱਧ ਕ੍ਰਮ ਵਿੱਚ ਇੱਕ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਪਰ ਹਰਮਨਪ੍ਰੀਤ ਹਾਲੇ ਵੀ ਲੈਅ ਵਿੱਚ ਨਹੀਂ ਆਈ। ਉਹ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਖੇਡ ਵਿੱਚ ਸੁਧਾਰ ਕਰਨ ਦੀ ਕੋਸਿਸ਼ ਕਰੇਗੀ। -ਪੀਟੀਆਈ