ਮਹਿਲਾ ਕ੍ਰਿਕਟ: ਆਸਟਰੇਲੀਆ ‘ਏ’ ਨੇ ਭਾਰਤ ‘ਏ’ ਨੂੰ ਨੌਂ ਵਿਕਟਾਂ ਨਾਲ ਹਰਾਇਆ
ਸਟਾਰ ਵਿਕਟਕੀਪਰ-ਬੱਲੇਬਾਜ਼ ਐਲਿਸਾ ਹੀਲੀ ਦੀ ਨਾਬਾਦ 137 ਦੌੜਾਂ ਦੀ ਪਾਰੀ ਸਦਕਾ ਆਸਟਰੇਲੀਆ ‘ਏ’ ਨੇ ਅੱਜ ਇੱਥੇ ਭਾਰਤ ‘ਏ’ ਖ਼ਿਲਾਫ਼ ਤੀਜਾ ਅਤੇ ਆਖਰੀ ਇੱਕ ਰੋਜ਼ਾ ਮੈਚ ਨੌਂ ਵਿਕਟਾਂ ਨਾਲ ਜਿੱਤ ਲਿਆ ਹੈ। ਭਾਰਤ ਸ਼ੁੱਕਰਵਾਰ ਨੂੰ ਦੂਜਾ ਮੈਚ ਦੋ ਵਿਕਟਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਲੜੀ 2-0 ਨਾਲ ਪਹਿਲਾਂ ਹੀ ਜਿੱਤ ਚੁੱਕਾ ਹੈ।
ਭਾਰਤੀ ਟੀਮ ਨੇ ਪਹਿਲਾ ਮੈਚ ਤਿੰਨ ਵਿਕਟਾਂ ਨਾਲ ਜਿੱਤਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਓਪਨਰ ਸ਼ੈਫਾਲੀ ਵਰਮਾ ਦੀਆਂ 52 ਅਤੇ ਵਿਕਟਕੀਪਰ ਯਾਸਤਿਕਾ ਭਾਟੀਆ ਦੀਆਂ 54 ਗੇਂਦਾਂ ’ਤੇ 42 ਦੌੜਾਂ ਦੀ ਮਦਦ ਨਾਲ 216 ਦੌੜਾਂ ਬਣਾਈਆਂ, ਪਰ ਪੂਰੀ ਟੀਮ 47.4 ਓਵਰਾਂ ਵਿੱਚ ਆਊਟ ਹੋ ਗਈ। ਆਸਟਰੇਲੀਆ ‘ਏ’ ਦੀ ਕਪਤਾਨ ਟਾਹਲੀਆ ਮੈਕਗ੍ਰਾਥ ਨੇ ਅੱਠ ਓਵਰਾਂ ਵਿੱਚ 49 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਆਸਟਰੇਲੀਆ ਦੀ ਟੀਮ ਨੇ ਸਿਰਫ਼ 27.5 ਓਵਰਾਂ ਵਿੱਚ ਇੱਕ ਵਿਕਟ ’ਤੇ 222 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਹੀਲੀ ਨੇ ਆਪਣੀ 84 ਗੇਂਦਾਂ ਦੀ ਪਾਰੀ ਵਿੱਚ ਤਿੰਨ ਛੱਕੇ ਅਤੇ 23 ਚੌਕੇ ਜੜੇ। ਉਸ ਨੇ ਟਾਹਲੀਆ ਵਿਲਸਨ (59) ਨਾਲ 137 ਦੌੜਾਂ ਦੀ ਭਾਈਵਾਲੀ ਕੀਤੀ। ਵਿਲਸਨ ਨੂੰ ਰਾਧਾ ਯਾਦਵ ਨੇ ਆਊਟ ਕੀਤਾ। ਭਾਰਤੀ ਟੀਮ ਸਿਰਫ 216 ਦੌੜਾਂ ਹੀ ਬਣਾ ਸਕੀ।