ਲੰਡਨ, 3 ਜੁਲਾਈ
ਕਾਰਲੋਸ ਅਲਕਰਾਜ਼ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਅਗਲੇ ਗੇੜ ਵਿੱਚ ਥਾਂ ਬਣਾ ਲਈ ਹੈ। ਹਾਲਾਂਕਿ, ਮਹਿਲਾ ਵਰਗ ਵਿੱਚ ਉਲਟਫੇਰਾਂ ਦਾ ਸਿਲਸਿਲਾ ਜਾਰੀ ਰਿਹਾ, ਜਦਕਿ ਐਰਿਨਾ ਸਬਾਲੇਂਕਾ ਸਿਖਰਲੀਆਂ ਪੰਜ ਖਿਡਾਰਨਾਂ ਵਿੱਚੋਂ ਇਕੱਲੀ ਮੈਦਾਨ ਵਿੱਚ ਡਟੀ ਹੋਈ ਹੈ। ਅਲਕਰਾਜ਼ ਨੇ ਸਾਂ ਡੀਏਗੋ ਯੂਨੀਵਰਸਿਟੀ ਲਈ ਖੇਡਣ ਵਾਲੇ ਦੁਨੀਆਂ ਦੇ 733ਵੇਂ ਨੰਬਰ ਦੇ ਕੁਆਲੀਫਾਇਰ ਓਲੀਵਰ ਟਾਰਵੇਟ ਨੂੰ 6-1, 6-4, 6-4 ਨਾਲ ਸ਼ਿਕਸਤ ਦਿੱਤੀ। ਇਸ ਤਰ੍ਹਾਂ ਉਸ ਦੀਆਂ ਜਿੱਤਾਂ ਦਾ ਸਿਲਸਿਲਾ 20 ’ਤੇ ਪਹੁੰਚ ਗਿਆ ਹੈ।
ਪੁਰਸ਼ ਸਿੰਗਲਜ਼ ਵਿੱਚ ਹੀ ਪੰਜਵਾਂ ਦਰਜਾ ਪ੍ਰਾਪਤ ਟੇਲਰ ਫ੍ਰਿਟਜ਼ ਨੇ ਕੈਨੇਡਾ ਦੇ ਗੈਬਰੀਅਲ ਡਾਇਲੋ ਨੂੰ 3-6, 6-3, 7-6 (0), 4-6, 6-3 ਨਾਲ ਹਰਾਇਆ। ਹਾਲਾਂਕਿ, 12ਵੇਂ ਨੰਬਰ ਦਾ ਖਿਡਾਰੀ ਫਰਾਂਸਿਸ ਟਿਆਫੋ ਹਾਰ ਮਗਰੋਂ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਉਸਨੂੰ ਕੈਮ ਨੋਰੀ ਨੇ 4-6, 6-4, 6-3, 7-5 ਨਾਲ ਹਰਾਇਆ।
ਮਹਿਲਾ ਸਿੰਗਲਜ਼ ਵਿੱਚ ਪਿਛਲੇ ਸਾਲ ਦੀ ਉਪ ਜੇਤੂ ਅਤੇ ਚੌਥਾ ਦਰਜਾ ਪ੍ਰਾਪਤ ਜੈਸਮੀਨ ਪਾਓਲਿਨੀ ਦੇ ਬਾਹਰ ਹੋਣ ਮਗਰੋਂ ਸਬਾਲੇਂਕਾ ਪੰਜ ਸਿਖਰਲੀਆਂ ਖਿਡਾਰਨਾਂ ਵਿੱਚੋਂ ਇਕੱਲੀ ਮੈਦਾਨ ਵਿੱਚ ਬਚੀ ਹੈ। ਦੂਜਾ ਦਰਜਾ ਪ੍ਰਾਪਤ ਕੋਕੋ ਗੌਫ, ਤੀਜਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਅਤੇ ਪੰਜਵਾਂ ਦਰਜਾ ਪ੍ਰਾਪਤ ਝੇਂਗ ਕਿਨਵੇਨ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ।
ਪਾਓਲਿਨੀ ਨੂੰ ਗੈਰ-ਦਰਜਾ ਪ੍ਰਾਪਤ ਕੈਮਿਲਾ ਰਾਖੀਮੋਵਾ ਤੋਂ 4-6, 6-4, 6-4 ਨਾਲ ਹਾਰ ਝੱਲਣੀ ਪਈ। ਦੁਨੀਆ ਦੀ ਅੱਵਲ ਨੰਬਰ ਖਿਡਾਰਨ ਸਬਾਲੇਂਕਾ ਨੇ ਬੁੱਧਵਾਰ ਨੂੰ ਆਪਣੇ ਦੂਜੇ ਗੇੜ ਦੇ ਮੈਚ ਵਿੱਚ ਮੈਰੀ ਬੂਜ਼ਕੋਵਾ ਨੂੰ 7-6 (4), 6-4 ਨਾਲ ਹਰਾਇਆ। ਹੁਣ ਉਸਦਾ ਸਾਹਮਣਾ 2021 ਯੂਐੱਸ ਓਪਨ ਚੈਂਪੀਅਨ ਐਮਾ ਰਾਦੂਕਾਨੂ ਨਾਲ ਹੋਵੇਗਾ। ਰਾਦੂਕਾਨੂ ਨੇ 2023 ਦੀ ਵਿੰਬਲਡਨ ਚੈਂਪੀਅਨ ਮਾਰਕੇਟਾ ਵੋਂਦਰੋਸੋਵਾ ਨੂੰ 6-3, 6-3 ਨਾਲ ਸ਼ਿਕਸਤ ਦਿੱਤੀ ਹੈ। ਮਹਿਲਾ ਵਰਗ ਦੇ ਇੱਕ ਹੋਰ ਮੈਚ ਵਿੱਚ ਛੇਵਾਂ ਦਰਜਾ ਪ੍ਰਾਪਤ ਆਸਟਰੇਲੀਅਨ ਓਪਨ ਚੈਂਪੀਅਨ ਮੈਡੀਸਨ ਕੀਜ਼ ਨੇ ਓਲਗਾ ਡੈਨੀਲੋਵਿਚ ਨੂੰ 6-4, 6-2 ਨਾਲ ਮਾਤ ਦਿੱਤੀ। -ਏਪੀ