ਅੰਡਰ-23 ਅੰਤਰ ਜ਼ਿਲ੍ਹਾ ਟੂਰਨਾਮੈਂਟ ’ਚ ਵਿਕਟਕੀਪਰ-ਬੱਲੇਬਾਜ਼ ਆਲਮ ਬਖਸ਼ੀ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੂਨ
ਮੁਹਾਲੀ ਦੇ ਵਿਕਟਕੀਪਰ ਬੱਲੇਬਾਜ਼ ਆਲਮ ਬਖਸ਼ੀ(22) ਨੇ ਮੁੱਲਾਂਪੁਰ ਗਰੀਬਦਾਸ ਵਿਚ ਹੋਏ ਪੰਜਾਬ ਰਾਜ ਅੰਤਰ-ਜ਼ਿਲ੍ਹਾ ਅੰਡਰ-23 ਕ੍ਰਿਕਟ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਕਰਵਾਏ ਟੂਰਨਾਮੈਂਟ ਵਿਚ ਬਖ਼ਸ਼ੀ ਨੇ ਵਿਕਟਾਂ ਪਿੱਛੇ ਰਹਿੰਦਿਆਂ 18 ਖਿਡਾਰੀਆਂ ਨੂੰ ਆਊਟ ਕੀਤਾ ਅਤੇ ਬੱਲੇਬਾਜ਼ੀ ਦੌਰਾਨ 365 ਦੌੜਾਂ ਬਣਾਈਆਂ।
ਆਲਮ ਬਖਸ਼ੀ ਨੇ ਦਸ ਸਾਲ ਦੀ ਉਮਰ ਵਿੱਚ ਕੋਚ ਯੋਗੇਸ਼ ਸ਼ਰਮਾ ਦੀ ਨਿਗਰਾਨੀ ਹੇਠ ਕ੍ਰਿਕਟ ਦਾ ਆਪਣਾ ਸਫਰ ਸ਼ੁਰੂ ਕੀਤਾ ਸੀ। ਉਹ ਅੰਡਰ-14 ਅਤੇ ਅੰਡਰ-16 ਵਰਗਾਂ ਵਿੱਚ ਇੱਕ ਵਿਕਟਕੀਪਰ-ਬੱਲੇਬਾਜ਼ ਵਜੋਂ ਪੰਜਾਬ ਵੱਲੋਂ ਖੇਡ ਚੁੱਕਿਆ ਹੈ। ਇਸ ਤੋਂ ਪਹਿਲਾਂ ਬਖਸ਼ੀ ਨੇ ਅਪਰੈਲ 2025 ਵਿੱਚ ਮੋਗਾ ਵਿਖੇ ਅੰਡਰ-23 ਟੂਰਨਾਮੈਂਟ ਦੇ ਆਪਣੇ ਪਲੇਠੇ ਮੈਚ ਵਿੱਚ 109 ਗੇਂਦਾਂ ’ਤੇ 110 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। DAV ਸਕੂਲ ਸੈਕਟਰ 8 ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀ ਬਖਸ਼ੀ ਨੇ ਬਾਅਦ ਵਿੱਚ ਦਿੱਲੀ ਯੂਨੀਵਰਸਿਟੀ ਦੇ ਕਿਰੋੜੀ ਮੱਲ ਕਾਲਜ ਤੋਂ ਇੰਗਲਿਸ਼ ਆਨਰਜ਼ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਮੌਜੂਦਾ ਸਮੇਂ ਉਹ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਕਰ ਰਿਹਾ ਹੈ ਤੇ ਉਸ ਨੇ ਅਕਾਦਮਿਕ ਸਿੱਖਿਆ ਅਤੇ ਖੇਡਾਂ ਵਿਚ ਸੰਤੁਲਨ ਬਣਾਇਆ ਹੋਇਆ ਹੈ।