ਵੈਸਟ ਇੰਡੀਜ਼ ਨੇ ਨਿਊਜ਼ੀਲੈਂਡ ਨੂੰ ਸੱਤ ਦੌੜਾਂ ਨਾਲ ਹਰਾਇਆ
ਟੀ-20 ਕੌਮਾਂਤਰੀ ਕ੍ਰਿਕਟ ਦੀ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ
ਵੈਸਟ ਇੰਡੀਜ਼ ਨੇ ਗੇਂਦਬਾਜ਼ੀ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ ਸੱਤ ਦੌੜਾਂ ਨਾਲ ਹਰਾਇਆ ਹੈ। ਕਪਤਾਨ ਸ਼ਾਈ ਹੋਪ ਨੇ 39 ਗੇਂਦਾਂ ’ਤੇ 53 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ ’ਤੇ 164 ਦੌੜਾਂ ਬਣਾਈਆਂ। ਦੂਜੀ ਪਾਰੀ ’ਚ ਨਿਊਜ਼ੀਲੈਂਡ ਨੇ ਦਸਵੇਂ ਓਵਰ ਤੱਕ ਦੋ ਵਿਕਟਾਂ ’ਤੇ 70 ਦੌੜਾਂ ਬਣਾ ਲਈਆਂ, ਇਸ ਮਗਰੋਂ ਨਿਊਜ਼ੀਲੈਂਡ ਨੇ ਹੋਰ 37 ਦੌੜਾਂ ਬਣਾਉਣ ਦੇ ਸਮੇਂ ਦੌਰਾਨ ਹੀ ਆਪਣੀਆਂ ਸੱਤ ਵਿਕਟਾਂ ਗੁਆ ਦਿੱਤੀਆਂ। 17ਵੇਂ ਓਵਰ ਤੱਕ ਨੌਂ ਵਿਕਟਾਂ ’ਤੇ 107 ਦੌੜਾਂ ਰਹਿ ਗਈਆਂ। ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ 28 ਗੇਂਦਾਂ ਵਿੱਚ 55 ਦੌੜਾਂ ਬਣਾਈਆਂ। ਉਨ੍ਹਾਂ 18ਵੇਂ ਓਵਰ ਵਿੱਚ ਮੈਥਿਊ ਫੋਰਡ ਨੂੰ ਚਾਰ ਚੌਕੇ ਅਤੇ ਇੱਕ ਛੱਕਾ ਜੜਿਆ। ਮੈਥਿਊ ਨੇ 19ਵੇਂ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ ’ਤੇ ਜੇਸਨ ਹੋਲਡਰ ਨੂੰ ਚੌਕੇ ਜੜੇ। ਨਿਊਜ਼ੀਲੈਂਡ ਨੂੰ ਆਖ਼ਰੀ ਓਵਰ ਵਿੱਚ 20 ਦੌੜਾਂ ਦੀ ਲੋੜ ਸੀ, ਸੈਂਟਨਰ ਨੇ ਰੋਮਾਰੀਓ ਸ਼ੈਫਰਡ ਨੂੰ ਤੀਜੀ ਗੇਂਦ ’ਤੇ ਛੱਕਾ ਜੜਿਆ, ਪਰ ਅਗਲੀਆਂ ਦੋ ਗੇਂਦਾਂ ’ਤੇ ਉਹ ਸਿਰਫ਼ ਦੋ ਦੌੜਾਂ ਹੀ ਬਣਾ ਸਕਿਆ ਤੇ ਆਖ਼ਰੀ ਗੇਂਦ ਤੇ ਚੌਕਾ ਜੜਿਆ। ਨਿਊਜ਼ੀਲੈਂਡ ਵੈਸਟ ਇੰਡੀਜ਼ ਦੇ ਟੀਚੇ ਨੂੰ ਪਾਰ ਨਾ ਕਰ ਸਕੀ। ਵੈਸਟਇੰਡੀਜ਼ ਦੇ ਗੇਂਦਬਾਜ਼ ਰੋਸਟਨ ਚੇਜ਼ ਨੇ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਤੇ ਜੈਡਨ ਸੀਲਜ਼ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਲਾਬੂਸ਼ੇਨ ਦੀ ਆਸਟਰੇਲੀਆ ਟੀਮ ’ਚ ਵਾਪਸੀ
ਗੋਲਡ ਕੋਸਟ: ਲਗਾਤਾਰ ਮਾੜੇ ਪ੍ਰਦਰਸ਼ਨ ਕਾਰਨ ਵੈਸਟ ਇੰਡੀਜ਼ ਖ਼ਿਲਾਫ਼ ਟੈਸਟ ਲੜੀ ’ਚ ਨਹੀਂ ਖੇਡ ਸਕਣ ਵਾਲੇ ਮਾਰਨਸ ਲਾਬੂਸ਼ੇਨ ਦੀ ਐਸ਼ੇਜ਼ ਲੜੀ ਲਈ ਆਸਟਰੇਲਿਆਈ ਟੀਮ ’ਚ ਵਾਪਸੀ ਹੋਈ ਹੈ। ਚੋਣਕਾਰਾਂ ਨੇ ਇਸ ਬੱਲੇਬਾਜ਼ ਨੂੰ ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਲਈ ਬੁੱਧਵਾਰ ਨੂੰ 15 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਹੈ। ਘਰੇਲੂ ਮੈਚਾਂ ’ਚ ਵਧੀਆ ਪ੍ਰਦਰਸ਼ਨ ਕਾਰਨ ਲਾਬੂਸ਼ੇਨ ਟੀਮ ’ਚ ਵਾਪਸੀ ਕਰਨ ’ਚ ਸਫਲ ਰਿਹਾ। ਸਲਾਮੀ ਬੱਲੇਬਾਜ਼ ਜੇਕ ਵੈਦਰਲਡ 21 ਨਵੰਬਰ ਤੋਂ ਪਰਥ ’ਚ ਹੋਣ ਵਾਲੇ ਮੈਚ ਨਾਲ ਟੈਸਟ ਕ੍ਰਿਕਟ ’ਚ ਆਪਣਾ ਪਹਿਲਾ ਮੈਚ ਖੇਡ ਸਕਦੇ ਹਨ। -ਏਪੀ

