ਅਸੀਂ ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਖੜ੍ਹੇ ਹਾਂ, ਪਾਕਿਸਤਾਨ ਖਿਲਾਫ਼ ਜਿੱਤ ਭਾਰਤੀ ਹਥਿਆਰਬੰਦ ਬਲਾਂ ਨੂੰ ਸਮਰਪਿਤ: ਸੂਰਿਆ
ਕਪਤਾਨ ਸੂਰਿਆਕੁਮਾਰ ਯਾਦਵ ਨੇ ਐਤਵਾਰ ਨੂੰ ਏਸ਼ੀਆ ਕੱਪ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਭਾਰਤੀ ਟੀਮ ਦੀ ਸੱਤ ਵਿਕਟਾਂ ਨਾਲ ਜਿੱਤ ਦੇਸ਼ ਦੇ ਹਥਿਆਰਬੰਦ ਬਲਾਂ ਨੂੰ ਸਮਰਪਿਤ ਕੀਤੀ ਹੈ। ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਖੜ੍ਹੀ ਹੈ। ਸੂਰਿਆਕੁਮਾਰ ਨੇ ਇਹ ਟਿੱਪਣੀ ਉਦੋਂ ਕੀਤੀ ਹੈ ਜਦੋਂ ਉਨ੍ਹਾਂ ਦੀ ਟੀਮ ਨੇ ਟੂਰਨਾਮੈਂਟ ਵਿਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਐਤਕੀਂ ਇਹ ਜਿੱਤ ਰਵਾਇਤੀ ਵਿਰੋਧੀ ਖਿਲਾਫ਼ ਸੀ। ਪਹਿਲਗਾਮ ਦਹਿਸ਼ਤੀ ਹਮਲੇ ਤੇ ਉਸ ਮਗਰੋਂ ਮਈ ਵਿਚ ਸਰਹੱਦ ਪਾਰ ਦਹਿਸ਼ਤੀ ਢਾਂਚੇ ਖਿਲਾਫ਼ ਭਾਰਤ ਵੱਲੋਂ ਸ਼ੁਰੂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਮਗਰੋਂ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਪਹਿਲੀ ਵਾਰ ਇਕ ਦੂਜੇ ਦੇ ਆਹਮੋ ਸਾਹਮਣੇ ਹੋਈਆਂ ਹਨ।
ਸੂਰਿਆਕੁਮਾਰ ਨੇ ਮੈਚ ਮਗਰੋਂ ਬਰੌਡਕਾਸਟਰ ਨੂੰ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਬਿਹਤਰੀਨ ਮੌਕਾ ਹੈ ਤੇ ਅਸੀਂ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ ਤੇ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟਾਉਂਦੇ ਹਾਂ।’’ ਭਾਰਤੀ ਕਪਤਾਨ ਨੇ ਕਿਹਾ, ‘‘ਮੇਰੇ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਅੱਜ ਦੀ ਇਹ ਜਿੱਤ ਆਪਣੇ ਸਾਰੇ ਹਥਿਆਰਬੰਦ ਬਲਾਂ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਵੱਡੀ ਦਲੇਰੀ ਦਿਖਾਈ ਅਤੇ ਆਸ ਕਰਦਾ ਹਾਂ ਕਿ ਉਹ ਸਾਨੂੰ ਪ੍ਰੇਰਨਾ ਦਿੰਦੇ ਰਹਿਣਗੇ। ਜਦੋਂ ਵੀ ਸਾਨੂੰ ਮੌਕਾ ਮਿਲਿਆ ਅਸੀਂ ਉਨ੍ਹਾਂ ਨੂੰ ਮੁਸਕਰਾਉਣ ਦਾ ਇਕ ਹੋਰ ਕਾਰਨ ਦੇਵਾਂਗੇ।’’ ਮੈਚ ਮਗਰੋਂ ਭਾਰਤੀ ਟੀਮ ਦੇ ਖਿਡਾਰੀਆਂ ਨੇ ਪਾਕਿਸਤਾਨੀ ਟੀਮ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ, ਜਿਵੇਂ ਕਿ ਆਮ ਤੌਰ ’ਤੇ ਟੀਮਾਂ ਕਿਸੇ ਵੀ ਮੁਕਾਬਲੇ ਤੋਂ ਬਾਅਦ ਕਰਦੀਆਂ ਹਨ।
ਟਾਸ ਦੌਰਾਨ ਵੀ ਦੋਵਾਂ ਕਪਤਾਨਾਂ ਸੂਰਿਆਕੁਮਾਰ ਯਾਦਵ ਤੇ ਪਾਕਿਸਤਾਨ ਦੇ ਸਲਮਾਨ ਆਗਾ ਨੇ ਇਕ ਦੂਜੇ ਨਾਲ ਹੱਥ ਨਹੀਂ ਮਿਲਾਏ ਕਿਉਂਕਿ ਉਨ੍ਹਾਂ ਆਪੋ ਆਪਣੀ ਟੀਮ ਸ਼ੀਟ ਜ਼ਿੰਬਾਬਵੇ ਦੇ ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੂੰ ਸੌਂਪ ਦਿੱਤੀ ਅਤੇ ਬਰੌਡਕਾਸਟਰ ਤੇ ਸਾਬਕਾ ਭਾਰਤੀ ਖਿਡਾਰੀ ਰਵੀ ਸ਼ਾਸਤਰੀ ਨਾਲ ਗੱਲਬਾਤ ਕੀਤੀ। ਪਾਕਿਸਤਾਨੀ ਕਪਤਾਨ ਸਲਮਾਨ ਆਗਾ ਮੈਚ ਮਗਰੋਂ Presentation ceremony ਵਿਚ ਨਹੀਂ ਆਇਆ ਤੇ ਉਨ੍ਹਾਂ ਦੇ ਮੁੱਖ ਕੋਚ ਮਾਈਕ ਹੇਸਨ ਨੇ ਮਗਰੋਂ ਮੀਡੀਆ ਨੂੰ ਦੱਸਿਆ ਕਿ ਮੈਚ ਤੋਂ ਬਾਅਦ ‘ਜੋ ਹੋਇਆ ਉਸ ਤੋਂ ਬਾਅਦ ਕਾਰਨ ਅਤੇ ਪ੍ਰਭਾਵ’ ਸੀ।
ਇਸ ਦੌਰਾਨ ਸੂਰਿਆਕੁਮਾਰ, ਜੋ ਐਤਵਾਰ ਨੂੰ 35 ਸਾਲਾਂ ਦਾ ਹੋ ਗਿਆ, ਨੇ ਕਿਹਾ ਕਿ ਇਹ ਜਿੱਤ ਦੇਸ਼ ਲਈ ‘ਰਿਟਰਨ ਗਿਫ਼ਟ’ ਸੀ, ਕਿਉਂਕਿ ਭਾਰਤ ਨੂੰ ਪਾਕਿਸਤਾਨ ਨੂੰ ਹਰਾਉਣ ਵਿਚ ਕੋਈ ਖਾਸ ਮਿਹਨਤ ਨਹੀਂ ਕਰਨੀ ਪਈ। ਭਾਰਤ ਨੇ ਪਾਕਿਸਤਾਨ ਵੱਲੋਂ ਜਿੱਤ ਲਈ ਦਿੱਤੇ 128 ਦੌੜਾਂ ਦੇ ਟੀਚੇ ਨੂੰ ਤਿੰਨ ਵਿਕਟਾਂ ਦੇ ਨੁਕਸਾਨ ਨਾਲ 15.5 ਓਵਰਾਂ ਵਿਚ ਪੂਰਾ ਕਰ ਲਿਆ।