ਵਾਲੀਬਾਲ: ਪੀ ਆਈ ਐੱਸ ਮੁਹਾਲੀ ਕੁਆਰਟਰ ਫਾਈਨਲ ’ਚ
ਐੱਸ ਬੀ ਐੱਸ ਨਗਰ, ਗੁਰਦਾਸਪੁਰ, ਪਟਿਆਲਾ, ਅੰਮ੍ਰਿਤਸਰ, ਬਠਿੰਡਾ ਤੇ ਪਠਾਨਕੋਟ ਵੀ ਆਖਰੀ ਅੱਠਾਂ ’ਚ
ਸਕੂਲ ਸਿੱਖਿਆ ਵਿਭਾਗ ਦੀਆਂ 69ਵੀਆਂ ਰਾਜ ਪੱਧਰੀ ਖੇਡਾਂ ਦੇ 14 ਸਾਲ ਉਮਰ ਵਰਗ ਦੇ ਲੜਕਿਆਂ ਦੇ ਪ੍ਰੀ-ਕੁਆਰਟਰ ਫਾਈਨਲ ਗੇੜ ਦੇ ਮੈਚ ਅੱਜ ਇੱਥੇ ਖੇਡੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਦੇਖ-ਰੇਖ ਹੇਠ ਹੋ ਰਹੀਆਂ ਸਕੂਲ ਖੇਡਾਂ ਦੌਰਾਨ ਮੇਜ਼ਬਾਨ ਪੀ ਆਈ ਐੱਸ ਮੁਹਾਲੀ ਦੀ ਟੀਮ ਸਣੇ ਅੱਠ ਟੀਮਾਂ ਕੁਆਰਟਰ ਫਾਈਨਲ ’ਚ ਪੁੱਜ ਗਈਆਂ ਹਨ।
ਪ੍ਰੀ-ਕੁਆਰਟਰ ਫਾਈਨਲ ਗੇੜ ਦੇ ਮੈਚਾਂ ਦਾ ਉਦਘਾਟਨ ਡੀ ਐੱਸ ਪੀ (ਸਿਟੀ-1) ਹਰਸਿਮਰਨ ਸਿੰਘ ਬੱਲ ਨੇ ਕੀਤਾ ਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ। ਪ੍ਰੀ-ਕੁਆਰਟਰ ਫਾਈਨਲ ਮੈਚਾਂ ’ਚ ਮੇਜ਼ਬਾਨ ਪੀ ਆਈ ਐੱਸ ਮੁਹਾਲੀ ਦੀ ਟੀਮ ਨੇ ਕਪੂਰਥਲਾ ਨੂੰ, ਸ਼ਹੀਦ ਭਗਤ ਸਿੰਘ ਨਗਰ ਨੇ ਹਸ਼ਿਆਰਪੁਰ ਨੂੰ, ਗੁਰਦਾਸਪੁਰ ਨੇ ਜਲੰਧਰ ਨੂੰ, ਪਟਿਆਲਾ ਨੇ ਫ਼ਤਿਹਗੜ੍ਹ ਸਾਹਿਬ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮੋਗਾ ਨੂੰ, ਬਠਿੰਡਾ ਨੇ ਮੇਜ਼ਬਾਨ ਮੁਹਾਲੀ ਨੂੰ ਤੇ ਪਠਾਨਕੋਟ ਨੇ ਲੁਧਿਆਣਾ ਦੀ ਟੀਮ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਕਦਮ ਰੱਖਿਆ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਦੱਸਿਆ ਕਿ ਬੁੱਧਵਾਰ ਨੂੰ ਅਗਲੇ ਗੇੜ ਦੇ ਮੈਚ ਖੇਡੇ ਜਾਣਗੇ।