ਯੂਟੀ ਕ੍ਰਿਕਟ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਪ੍ਰੀਮੀਅਰ ਲੀਗ ਦਾ ਐਲਾਨ
ਯੂਟੀ ਕ੍ਰਿਕਟ ਐਸੋਸੀਏਸ਼ਨ (UTCA) ਨੇ ਅੱਜ ਚੰਡੀਗੜ੍ਹ ਪ੍ਰੀਮੀਅਰ ਲੀਗ (CPL) 2025 ਦਾ ਐਲਾਨ ਕਰ ਦਿੱਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਟੰਡਨ ਨੇ ਲੀਗ ਵਿਚ ਸ਼ਾਮਲ ਛੇ ਟੀਮਾਂ ਦਾ ਐਲਾਨ ਕਰਦਿਆਂ ਲੀਗ ਬਾਰੇ ਹੋਰ ਵੇਰਵੇ ਸਾਂਝੇ ਕੀਤੇ।
ਚੰਡੀਗੜ੍ਹ ਪ੍ਰੀਮੀਅਰ ਲੀਗ (ਸੀਪੀਐਲ) ਟੀ20 ਫਾਰਮੈਟ ਵਿੱਚ ਖੇਡੀ ਜਾਵੇਗੀ, ਜਿਸ ਦੀ ਸ਼ੁਰੂਆਤ 28 ਅਗਸਤ ਨੂੰ ਹੋਵੇਗੀ ਜਦੋਂਕਿ 13 ਸਤੰਬਰ ਨੂੰ ਫਾਈਨਲ ਖੇਡਿਆ ਜਾਵੇਗਾ। ਲੀਗ ਦੌਰਾਨ ਫਾਈਨਲ ਤੇ ਦੋ ਸੈਮੀਫਾਈਨਲਾਂ ਸਣੇ ਕੁੱਲ 33 ਮੈਚ ਸੈਕਟਰ 16 ਦੇ ਕ੍ਰਿਕਟ ਸਟੇਡੀਅਮ ਵਿਚ ਖੇਡੇ ਜਾਣਗੇ। ਰੋਜ਼ਾਨਾ ਦੋ ਮੈਚ ਹੋਣਗੇ, ਜਿਨ੍ਹਾਂ ਦਾ ਲਾਈਵ ਪ੍ਰਸਾਰਣ ਫੈਨਕੋਡ ’ਤੇ ਉਪਲਬਧ ਹੋਵੇਗਾ। ਲੀਗ ਦਾ ਉਦਘਾਟਨ 26 ਅਗਸਤ ਨੂੰ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਕੀਤਾ ਜਾਵੇਗਾ। ਫਾਈਨਲ ਮੈਚ ਵਿਚ ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਮੁੱਖ ਮਹਿਮਾਨ ਹੋਣਗੇ।
ਲੀਗ ਵਿਚ ਸ਼ਾਮਲ ਛੇ ਫਰੈਂਚਾਇਜ਼ੀਆਂ ਵਿਚ ਅਲਟਰੁਇਸਟਿਅਨਜ਼, ਕੈਪੀਟਲ ਸਟਰਾਈਕਰਜ਼, ਚੰਡੀਗੜ੍ਹ ਕਿੰਗਜ਼, ਡਾ. ਮੋਰਪੈੱਨ ਡੈਜ਼ਲਰਜ਼, ਪੰਚਕੂਲਾ ਬੈਸ਼ਰਜ਼ ਅਤੇ ਤਲਾਨੋਆ ਟਾਈਗਰਜ਼ ਸ਼ਾਮਲ ਹਨ। ਇਹ ਨਵਾਂ ਫਰੈਂਚਾਇਜ਼ੀ ਮਾਡਲ ਨਾ ਸਿਰਫ਼ ਮੁਕਾਬਲੇ ਵਿੱਚ ਨਵੀਂ ਊਰਜਾ ਲਿਆਵੇਗਾ, ਬਲਕਿ ਇਸ ਦਾ ਮੁੱਖ ਮਕਸਦ ਨਵੇਂ ਉਭਰਦੇ ਕ੍ਰਿਕਟਰਾਂ ਨੂੰ ਪ੍ਰੋਫੈਸ਼ਨਲ ਪਲੈਟਫਾਰਮ ਮੁਹੱਈਆ ਕਰਵਾਉਣਾ ਵੀ ਹੈ।
ਸ੍ਰੀ ਟੰਡਨ ਨੇ ਕਿਹਾ ਕਿ ਇਸ ਲੀਗ ਦਾ ਮੁੱਖ ਮਕਸਦ ਸਥਾਨਕ ਕ੍ਰਿਕਟ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਅਤੇ ਚੰਡੀਗੜ੍ਹ ਨੂੰ ਖੇਡਾਂ ਦਾ ਹੱਬ ਬਣਾਉਣਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਲੀਗ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ਅਤੇ ਉਨ੍ਹਾਂ ਨੂੰ ਵਧੀਆ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਦੇਵੇਗੀ। ਉਨ੍ਹਾਂ ਕਿਹਾ ਕਿ ਪੂਰੀ ਲੀਗ ਦੌਰਾਨ ਬੀਸੀਸੀਆਈ ਦੀ ਇਕ ਟੀਮ ਮੌਜੂਦ ਰਹੇਗੀ, ਜੋ ਟੀਮਾਂ ਦੇ ਖਿਡਾਰੀਆਂ, ਕੋਚਾਂ ਤੇ ਹੋਰ ਸਹਾਇਕ ਸਟਾਫ਼ ’ਤੇ ਮੈਚ ਫਿਕਸਿੰਗ ਤੇ ਹੋਰਨਾਂ ਪੱਖਾਂ ਤੋਂ ਨਜ਼ਰ ਰੱਖੇਗੀ। ਟੰਡਨ ਨੇ ਕਿਹਾ ਕਿ ਲੀਗ ਦੌਰਾਨ ਟੀਮਾਂ ਦੇ ਖਿਡਾਰੀ ਤੇ ਹੋਰ ਸਟਾਫ਼ ਨੂੰ ਇਕੋ ਹੋਟਲ ਵਿਚ ਰੱਖਿਆ ਜਾਵੇਗਾ।
ਹਰੇਕ ਟੀਮ ਵਿਚ 15 ਖਿਡਾਰੀ ਹੋਣਗੇ, ਜਿਨ੍ਹਾਂ ਵਿਚ ਅੰਡਰ-19 ਵਰਗ ਦਾ ਇਕ, ਅੰਡਰ-23 ਵਰਗ ਦੇ ਪੰਜ ਤੇ ਸੀਨੀਅਰ ਵਰਗ ਦੇ 9 ਖਿਡਾਰੀ ਸ਼ਾਮਲ ਹੋਣਗੇ। ਪ੍ਰੈੱਸ ਕਾਨਫਰੰਸ ਦੌਰਾਨ ਹੀ ਛੇ ਫਰੈਂਚਾਇਜ਼ੀਆਂ ਨੂੰ ਟੀਮਾਂ ਅਲਾਟ ਕੀਤੀਆਂ ਗਈਆਂ। ਮਨਨ ਵੋਹਰਾ ਨੂੰ Altruistians, ਸ਼ਿਵਮ ਭਾਂਬਰੀ ਨੂੰ ਚੰਡੀਗੜ੍ਹ ਕਿੰਗਜ਼, ਅਰਸਲਾਨ ਖਾਨ ਨੂੰ ਡਾ. ਮੋਰਪੈੱਨ ਡੈਜ਼ਲਰਜ਼, ਰਾਜ ਅੰਗਦ ਬਾਵਾ ਨੂੰ ਕੈਪੀਟਲ ਸਟ੍ਰਾਈਕਰਜ਼, ਸੰਦੀਪ ਸ਼ਰਮਾ ਨੂੰ ਤਲਨੋਆ ਟਾਈਗਰਜ਼ ਤੇ ਅੰਕਿਤ ਕੌਸ਼ਿਕ ਨੂੰ ਕਪਤਾਨ ਵਜੋਂ ਪੰਚਕੂਲਾ ਬੈਸ਼ਰਜ਼ ਦੀ ਜ਼ਿੰਮੇਵਾਰੀ ਸੌਂਪੀ ਗਈ।
ਇਸ ਮੌਕੇ ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦੇਵੇਂਦਰ ਸ਼ਰਮਾ, ਖ਼ਜ਼ਾਨਚੀ ਸੀਏ ਆਲੋਕ ਕ੍ਰਿਸ਼ਨਨ, ਐਪੈਕਸ ਕੌਂਸਲ ਮੈਂਬਰ ਡੈਨੀਅਲ ਬੈਨਰਜੀ, ਹਰੀ ਸਿੰਘ ਖੁਰਾਣਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।