ਟੈਨਿਸ ਖਿਡਾਰੀ ਜਾਨਿਕ ਸਿੰਨਰ ਇਟਲੀ ਦੇ ਲੋਰੈਂਜੋ ਮੁਸੈਟੀ ਨੂੰ ਹਰਾ ਕੇ ਯੂੁਐੱਸ ਓਪਨ ਦੇ ਪੁਰਸ਼ ਸਿੰਗਲਜ਼ ਵਰਗ ਦੇ ਸੈਮੀਫਾਈਨਲ ’ਚ ਪਹੁੰਚ ਗਿਆ ਹੈ। ਉਸ ਬੁੱਧਵਾਰ ਨੂੰ ਖੇਡੇ ਗਏ ਕੁਆਟਰ ਫਾਈਨਲ ’ਚ ਦਸਵੇਂ ਨੰਬਰ ਦੇ ਖਿਡਾਰੀ ਮੁਸੈਟੀ ਨੂੰ 6-1, 6-4, 6-2 ਨਾਲ ਹਰਾਇਆ। ਸੈਮੀਫਾਈਨਲ ਵਿੱਚ ਸ਼ੁੱਕਰਵਾਰ ਨੂੰ ਸਿੰਨਰ ਦਾ ਸਾਹਮਣਾ 25ਵਾਂ ਦਰਜਾ ਪ੍ਰਾਪਤ ਐੈੱਫ ਏ ਆਲਿਆਸਿਮੇ ਨਾਲ ਹੋਵੇਗਾ। ਆਲਿਆਸਿਮੇ ਅੱਠਵਾਂ ਦਰਜਾ ਹਾਸਲ ਏ ਡੀ ਮਿਨੌਰ ਨੂੰ 4-6, 7-6 (7), 7-5, 7-6 (4) ਨਾਲ ਹਰਾ ਕੇ ਸੈਮੀਫਾਈਨਲ ’ਚ ਪਹੁੰਚਿਆ ਹੈ। ਸਿੰਨਰ ਦਾ ਇਹ ਲਗਾਤਾਰ ਪੰਜਵਾਂ ਗਰੈਂਡਸਲੈਮ ਸੈਮੀਫਾਈਨਲ ਹੈ, ਜੇ ਉਹ ਸੈਮੀਫਾਈਨਲ ਜਿੱਤਦਾ ਹੈ ਤਾਂ ਉਹ ਇਸ ਵਰ੍ਹੇ ਚਾਰੇ ਗਰੈਂਡਸਲੈਮ ਟੂਰਨਾਮੈਂਟਾਂ ਦੇ ਫਾਈਨਲ ’ਚ ਪਹੁੰਚਣ ਵਾਲਾ ਖਿਡਾਰੀ ਬਣ ਜਾਵੇਗਾ।
ਯੂਐੱਸ ਓਪਨ: ਭਾਂਬਰੀ-ਵੀਨਸ ਦੀ ਜੋੜੀ ਸੈਮੀਫਾਈਨਲ ’ਚ
ਨਿਊਯਾਰਕ: ਭਾਰਤੀ ਟੈਨਿਸ ਖਿਡਾਰੀ ਯੂਕੀ ਭਾਂਬਰੀ ਆਪਣੇ ਜੋੜੀਦਾਰ ਨਿਊਜ਼ੀਲੈਂਡ ਦੇ ਮਾਈਕਲ ਵੀਨਸ ਨਾਲ ਪਹਿਲੀ ਵਾਰ ਕਿਸੇ ਗਰੈਂਡਸਲੈਮ ਟੂਰਨਾਮੈਂਟ ’ਚ ਪੁਰਸ਼ ਡਬਲਜ਼ ਵਰਗ ਦੇ ਸੈਮੀਫਾਈਨਲ ’ਚ ਪਹੁੰਚ ਗਿਆ ਹੈ। ਭਾਂਬਰੀ ਤੇ ਵੀਨਸ ਦੀ ਜੋੜੀ ਨੇ ਕੁਆਰਟਰ ਫਾਈਨਲ ’ਚ 11ਵਾਂ ਦਰਜਾ ਪ੍ਰਾਪਤ ਨਿਕੋਲਾ ਮੈਕਟਿਚ ਅਤੇ ਰਾਜੀਵ ਰਾਮ ਦੀ ਜੋੜੀ ਨੂੰ 6-3, 6-7, 6-3 ਨਾਲ ਹਰਾਇਆ। ਦੁਨੀਆ ਦੇ ਸਾਬਕਾ ਜੂਨੀਅਰ ਅੱਵਲ ਨੰਬਰ ਖਿਡਾਰੀ ਭਾਂਬਰੀ ਦਾ ਸੀਨੀਅਰ ਗਰੈਂਡਸਲੈਮ ’ਚ ਇਹ ਸਰਵੋਤਮ ਪ੍ਰਦਰਸ਼ਨ ਹੈ। ਇਸੇ ਦੌਰਾਨ ਅਮਾਂਡਾ ਅਨਿਸੀਮੋਵਾ ਨੇ ਇਗਾ ਸਵਿਆਤੇਕ ਨੂੰ 6-4, 6-3 ਨਾਲ ਹਰਾ ਕੇ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਅਨਿਸੀਮੋਵਾ ਦਾ ਇਹ ਤੀਜਾ ਗਰੈਂਡਸਲੈਮ ਸੈਮੀਫਾਈਨਲ ਹੈ ਜਿਥੇ ਉਸ ਦਾ ਸਾਹਮਣਾ ਚਾਰ ਵਾਰ ਦੀ ਗਰੈਂਡਸਲੈਮ ਚੈਂਪੀਅਨ ਨਾਓਮੀ ਓਸਾਕਾ ਨਾਲ ਹੋਵੇਗਾ। -ਪੀਟੀਆਈ