ਯੂ ਐੱਸ ਓਪਨ: ਓਸਾਕਾ ਤੇ ਸਵੀਆਤੇਕ ਕੁਆਰਟਰ ਫਾਈਨਲ ’ਚ
ਜਪਾਨ ਦੀ ਟੈਨਿਸ ਖਿਡਾਰਨ ਨਾਓਮੀ ਓਸਾਕਾ ਅਤੇ ਪੋਲੈਂਡ ਦੀ ਇਗਾ ਸਵੀਆਤੇਕ ਨੇ ਆਪੋ-ਆਪਣੇ ਮੈਚ ਜਿੱਤ ਕੇ ਯੂ ਐੱਸ ਓਪਨ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਓਸਾਕਾ ਨੇ ਅਮਰੀਕਾ ਦੀ ਕੋਕੋ ਗੌਫ ਨੂੰ 6-3, 6-2 ਨਾਲ ਹਰਾਇਆ। ਇਸੇ ਤਰ੍ਹਾਂ ਸਵੀਆਤੇਕ ਨੇ ਏਕਾਤੇਰੀਨਾ ਅਲੈਗਜ਼ੈਂਦਰੋਵਾ ਨੂੰ 6-3, 6-1 ਨਾਲ ਮਾਤ ਦਿੱਤੀ। ਓਸਾਕਾ 2021 ਤੋਂ ਬਾਅਦ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਹੈ। ਹੁਣ ਉਸ ਦਾ ਸਾਹਮਣਾ ਚੈੱਕ ਗਣਰਾਜ ਦੀ ਕੈਰੋਲੀਨਾ ਮੁਚੋਵਾ ਨਾਲ ਹੋਵੇਗਾ। ਇਸ ਦੇ ਨਾਲ ਹੀ ਸਵੀਆਤੇਕ ਦਾ ਸਾਹਮਣਾ ਅਮਾਂਡਾ ਅਨੀਸਿਮੋਵਾ ਨਾਲ ਹੋਵੇਗਾ, ਜਿਸ ਨੂੰ ਉਸ ਨੇ ਵਿੰਬਲਡਨ ਫਾਈਨਲ ਵਿੱਚ 6-0, 6-0 ਨਾਲ ਹਰਾਇਆ ਸੀ।
ਇਸੇ ਤਰ੍ਹਾਂ ਅਮਰੀਕੀ ਸਟਾਰ ਵੀਨਸ ਵਿਲੀਅਮਜ਼ ਅਤੇ ਲੈਲਾ ਫਰਨਾਂਡੇਜ਼ ਦੀ ਜੋੜੀ ਨੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਜੋੜੀ ਨੇ 12ਵੀਂ ਦਰਜਾ ਪ੍ਰਾਪਤ ਏਕਾਤੇਰੀਨਾ ਅਲੈਗਜ਼ੈਂਦਰੋਵਾ ਅਤੇ ਜ਼ਾਂਗ ਸ਼ੁਆਈ ਨੂੰ 6-3, 6-4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਸਿਖਰਲਾ ਦਰਜਾ ਪ੍ਰਾਪਤ ਟੇਲਰ ਟਾਊਨਸੇਂਡ ਅਤੇ ਕੈਟਰੀਨਾ ਸਿਨੀਆਕੋਵਾ ਨਾਲ ਹੋਵੇਗਾ। ਪੁਰਸ਼ ਵਰਗ ਵਿੱਚ 25ਵੀਂ ਰੈਂਕਿੰਗ ਵਾਲੇ ਕੈਨੇਡੀਅਨ ਫੇਲਿਕਸ ਔਗਰ ਏ ਨੇ ਆਂਦਰੇ ਰੁਬਲੇਵ ਨੂੰ 7-5, 6-3, 6-4 ਨਾਲ ਹਰਾਇਆ। ਆਸਟਰੇਲੀਆ ਦੇ ਐਲੇਕਸ ਡੀ ਮਿਨਾਰ ਅਤੇ ਇਟਲੀ ਦਾ ਲੋਰੇਂਜੋ ਮੁਸੇਟੀ ਵੀ ਆਖਰੀ ਅੱਠ ਵਿੱਚ ਪਹੁੰਚ ਗਏ ਹਨ।