ਦੋ ਰੋਜ਼ਾ 47ਵਾਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ (ਏ ਆਈ ਈ ਐੱਸ ਸੀ ਬੀ) ਫੁੱਟਬਾਲ ਟੂਰਨਾਮੈਂਟ ਅੱਜ ਪੀ ਐੱਸ ਪੀ ਸੀ ਐੱਲ ਸਪੋਰਟਸ ਕੰਪਲੈਕਸ ਪਟਿਆਲਾ ਵਿੱਚ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਉਦਘਾਟਨੀ ਸਮਾਰੋਹ ’ਚ ਦੇਸ਼ ਭਰ ਤੋਂ ਮੁੱਖ ਪਾਵਰ ਸੈਕਟਰ ਦੀਆਂ ਟੀਮਾਂ ਨੇ ਹਿੱਸਾ ਲਿਆ। ਪਹਿਲਾ ਮੁਕਾਬਲਾ ਪੀ ਐੱਸ ਪੀ ਸੀ ਐੱਲ ਪੰਜਾਬ ਨਾਲ ਬਿਹਾਰ ਸਟੇਟ ਪਾਵਰ ਹੋਲਡਿੰਗ ਕੰਪਨੀ ਨਾਲ ਹੋਇਆ ਜਿਸ ਵਿੱਚ ਪਾਵਰਕੌਮ ਪੰਜਾਬ ਨੇ ਜਿੱਤ ਹਾਸਲ ਕੀਤੀ ਹੈ।
ਖੇਡ ਸਮਾਗਮ ਦੀ ਸ਼ੁਰੂਆਤ ਡਿਪਟੀ ਚੀਫ ਇੰਜਨੀਅਰ ਲਾਲ ਪ੍ਰੀਤ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ। ਮੁੱਖ ਮਹਿਮਾਨ ਸੀ ਏ ਐੱਸ ਕੇ ਬੇਰੀ, ਡਾਇਰੈਕਟਰ ਪ੍ਰਸ਼ਾਸਨ/ਵਿੱਤ, ਪੀ ਐੱਸ ਪੀ ਸੀ ਐੱਲ ਨੇ ਉਦਘਾਟਨੀ ਸਮਾਰੋਹ ’ਚ ਟੂਰਨਾਮੈਂਟ ਦਾ ਝੰਡਾ ਲਹਿਰਾਇਆ ਅਤੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਪਟਿਆਲਾ ਦਾ ਕੌਮੀ ਟੂਰਨਾਮੈਂਟ ਦਾ ਮੇਜ਼ਬਾਨ ਬਣਨਾ ਮਾਣ ਵਾਲੀ ਗੱਲ ਹੈ। ਇਸ ਸਾਲ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ ਟੀਮਾਂ ਵਿੱਚ ਹਰਿਆਣਾ ਪਾਵਰ ਸਪੋਰਟਸ ਗਰੁੱਪ, ਪੀ ਐੱਸ ਪੀ ਸੀ ਐੱਲ ਪਟਿਆਲਾ, ਐੱਮ ਪੀ ਪਾਵਰ, ਬਿਹਾਰ ਐੱਸ ਪੀ ਐੱਚ ਸੀ, ਰਾਜਸਥਾਨ ਵੀ ਐੱਨ, ਤਿਲੰਗਾਨਾ ਜੈਨਕੋ ਤੋਂ ਇਲਾਵਾ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਸ਼ਾਮਲ ਹਨ। ਟੂਰਨਾਮੈਂਟ ’ਚ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਹੋਣ ਦੀ ਉਮੀਦ ਹੈ।

