ਬੀ ਸੀ ਸੀ ਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਦੁਬਈ ਵਿੱਚ ਪੀ ਸੀ ਬੀ ਦੇ ਚੇਅਰਮੈਨ ਮੋਹਸਿਨ ਨਕਵੀ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟ ਬੋਰਡਜ਼ ਏਸ਼ੀਆ ਕੱਪ ਟਰਾਫੀ ਬਾਰੇ ਵਿਵਾਦ ਨੂੰ ਦੂਰ ਕਰਨ ਲਈ ਗੱਲਬਾਤ ਕਰਨ ਲਈ ਤਿਆਰ ਹਨ, ਆਉਣ ਵਾਲੇ ਦਿਨਾਂ ’ਚ ਇਸ ਸਬੰਧੀ ਢੁਕਵਾਂ ਹੱਲ ਲੱਭਿਆ ਜਾਵੇਗਾ। ਮੋਹਸਿਨ ਨਕਵੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਨਾਲ-ਨਾਲ ‘ਏਸ਼ਿਆਈ ਕ੍ਰਿਕਟ ਕੌਂਸਲ’ (ਏ ਸੀ ਸੀ) ਦੇ ਚੇਅਰਪਰਸਨ ਵੀ ਹਨ।
ਉਨ੍ਹਾਂ ਵੱਲੋਂ ਜੇਤੂ ਭਾਰਤੀ ਟੀਮ ਨੂੰ ਏਸ਼ੀਆ ਕੱਪ ਟਰਾਫ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਕਿਉਂਕਿ ਭਾਰਤੀ ਟੀਮ ਨੇ ਉਨ੍ਹਾਂ ਦੇ ਭਾਰਤ ਵਿਰੋਧੀ ਰਵੱਈਏ ਕਾਰਨ ਉਨ੍ਹਾਂ ਤੋਂ ਟਰਾਫੀ ਲੈਣ ਤੋਂ ਇਨਕਾਰ ਕੀਤਾ ਸੀ। ਸੈਕੀਆ ਨੇ ਦੱਸਿਆ ਕਿ ਉਹ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਦੀ ਰਸਮੀ ਬੈਠਕ ਦਾ ਹਿੱਸਾ ਸਨ, ਉੱਥੇ ਪੀ ਸੀ ਬੀ ਦੇ ਚੇਅਰਮੈਨ ਮੋਹਸਿਨ ਨਕਵੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਰਸਮੀ ਮੀਟਿੰਗ ਤੋਂ ਇਲਾਵਾ ਆਈ ਸੀ ਸੀ ਦੇ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦੀ ਨਕਵੀ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕਰਵਾਈ। ਦੋਵਾਂ ਧਿਰਾਂ ਨੇ ਚੰਗੇ ਮਾਹੌਲ ਵਿੱਚ ਬੈਠਕ ਕੀਤੀ। ਸੈਕੀਆ ਨੇ ਭਰੋਸਾ ਦਿਵਾਇਆ ਕਿ ਟਰਾਫ਼ੀ ਵਿਵਾਦ ਸਬੰਧੀ ਜਲਦ ਕੋਈ ਹੱਲ ਲੱਭਿਆ ਜਾਵੇਗਾ। ਟਰਾਫੀ ਦੁਬਾਈ ਦੇ ਏ ਸੀ ਸੀ ਹੈੱਡਕੁਆਰਟਰ ਵਿੱਚ ਰੱਖੀ ਹੋਈ ਹੈ।

