ਭਾਰਤ-ਪਾਕਿ ਮੈਚ ਪੂਰੀ ਤਰ੍ਹਾਂ ਇਕਪਾਸੜ ਸਾਬਤ ਹੋਇਆ
ਪ੍ਰਦੀਪ ਮੈਗਜ਼ੀਨ
ਜਦੋਂ ਸਕ੍ਰਿਪਟ ਬਿਨਾਂ ਕਿਸੇ ਉਤਰਾਅ-ਚੜ੍ਹਾਅ ਦੇ ਇੱਕ ਸੰਭਾਵੀ ਰਾਹ ’ਤੇ ਤੁਰਦੀ ਹੈ, ਤਾਂ ਵਾਜਬ ਨਤੀਜਾ ਵੀ ਬੇਸੁਆਦਾ ਹੋ ਜਾਂਦਾ ਹੈ। ਭਾਰਤ ਦੀ ਪਾਕਿਸਤਾਨ ਖਿਲਾਫ਼ ਜਿੱਤ, ਹਾਲੀਆ ਸਾਲਾਂ ਵਿੱਚ ਕੋਈ ਪਹਿਲੀ ਵਾਰ ਨਹੀਂ। ਹਾਲੀਆ ਸਾਲਾਂ ਦੌਰਾਨ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ ਹੈ ਅਤੇ ਜਿਸ ਨਾਲ ਪਾਕਿਸਤਾਨ ਦਾ ਸਰੀਰ, ਮਨ, ਮਾਸ ਅਤੇ ਇੱਥੋਂ ਤੱਕ ਕਿ ਰੂਹ ਵੀ ਜ਼ਖ਼ਮੀ ਹੋਈ।
ਇਹ ਮੈਚ ਦੋਵਾਂ ਮੁਲਕਾਂ ਦਰਮਿਆਨ ਰਵਾਇਤੀ ਸ਼ਰੀਕੇਬਾਜ਼ੀ ਦਾ ਅੰਤ ਨਹੀਂ ਸੀ, ਜੋ ਇਕ ਅਰਬ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਇਸ਼ਤਿਹਾਰ ਦੇਣ ਵਾਲੇ ਤੇ ਟੈਲੀਵਿਜ਼ਨ ਚੈਨਲ ਆਪਣੇ ਖੀਸੇ ਭਰਨ ਦੇ ਇਕੋ ਇਕ ਮੰਤਵ ਨਾਲ ਚੀਕ ਚੀਕ ਕੇ ਮੈਚ ਦੇ ਆਲੇ ਦੁਆਲੇ ਅਜਿਹਾ ਮਾਹੌਲ ਸਿਰਜਦੇ ਹਨ ਕਿ ਲੋਕ ਸ਼ੈਦਾਈ ਹੋ ਜਾਂਦੇ ਹਨ। ਪਰ ਕ੍ਰਿਕਟ ਬਾਜ਼ਾਰ ਅਤੇ ਰਾਸ਼ਟਰਵਾਦ ਤੋਂ ਪ੍ਰੇਰਿਤ ਭਾਵਨਾਵਾਂ ਵਾਲੀ ਇਹ ਝੂਠੀ ਇਸ਼ਤਿਹਾਰਬਾਜ਼ੀ ਕਦੋਂ ਤੱਕ ਵਿਸ਼ਾਲ ਦਰਸ਼ਕਾਂ ਦੇ ਸਮੂਹ ਨੂੰ ਧੋਖਾ ਦਏਗੀ?
ਪਾਕਿਸਤਾਨ ਦੇ ਕ੍ਰਿਕਟ ਦੀ ਖੇਡ ਵਿਚ ਪਤਨ ਨਾਲ ਭਾਰਤੀ ਪ੍ਰਸ਼ੰਸਕਾਂ ਨੂੰ ਖੁਸ਼ੀ ਮਿਲ ਸਕਦੀ ਹੈ, ਪਰ ਇਹ ਇਸ ਖੇਡ ਨੂੰ ਹੋਰ ਕਮਜ਼ੋਰ ਬਣਾਉਂਦਾ ਹੈ ਤੇ ਇਸ ਦੇ ਹੋਰਨਾਂ ਭਾਈਵਾਲਾਂ ਦੀਆਂ ਫ਼ਿਕਰਾਂ ਨੂੰ ਵਧਾਉਂਦਾ ਹੈ। ਅੱਜ ਇਹ ਯਕੀਨ ਕਰਨਾ ਮੁਸ਼ਕਲ ਹੈ ਕਿ ਪਾਕਿਸਤਾਨ ਹੀ ਉਹ ਮੁਲਕ ਹੈ ਜਿਸ ਨੇ ਇਮਰਾਨ ਖ਼ਾਨ, ਜਾਵੇਦ ਮੀਆਂਦਾਦ, ਵਸੀਮ ਅਕਰਮ, ਵਕਾਰ ਯੂਨਸ, ਇੰਜ਼ਮਾਮ-ਉਲ-ਹੱਕ ਤੇ ਅਜਿਹੇ ਕਈ ਹੋਰ ਖਿਡਾਰੀ ਪੈਦਾ ਕੀਤੇ ਹਨ। ਹੋ ਸਕਦਾ ਹੈ ਕਿ ਭਾਰਤ ਵਿੱਚ ਸਾਡੇ ਲਈ ਕਾਰਨਾਂ ਅਤੇ ਨਿਦਾਨਾਂ ਦੀ ਪਛਾਣ ਕਰਨੀ ਤੇ ਇਨ੍ਹਾਂ ਦਾ ਹੱਲ ਲੱਭਣਾ ਸੰਭਵ ਨਾ ਹੋਵੇ। ਪਰ ਸਾਨੂੰ ਇਹ ਫ਼ਿਕਰ ਜਤਾਉਣ ਤੋਂ ਕੋਈ ਵੀ ਨਹੀਂ ਰੋਕਦਾ ਕਿ ਪਾਕਿਸਤਾਨ ਨੂੰ ਵੈਸਟ ਇੰਡੀਜ਼ ਵਾਲੇ ਰਾਹ ’ਤੇ ਨਹੀਂ ਤੁਰਨਾ ਚਾਹੀਦਾ।
ਡਰੇ ਹੋਏ ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਪਾਕਿਸਤਾਨ ਦੇ ਉਲਟ ਭਾਰਤ ਦੀ (ਮੈਚ ਵਿਚ) ਖੇਡੀ ਪ੍ਰਤੀ ਪਹੁੰਚ ਸ਼ਕਤੀਸ਼ਾਲੀ ਭਾਰਤੀ ਯੋਧਿਆਂ ਵਰਗੀ ਸੀ। ਕੀ ਕ੍ਰਿਕਟ ਦੇ ਇਤਿਹਾਸ ਵਿੱਚ ਵਿਰਾਟ ਕੋਹਲੀ ਨਾਲੋਂ ਫਿੱਟ ਕੋਈ ਜੁਝਾਰੂ ਕ੍ਰਿਕਟਰ ਹੋਇਆ ਹੈ? ਮੈਨੂੰ ਇਸ ਬਾਰੇ ਸ਼ੱਕ ਹੈ। 36 ਸਾਲ ਦੀ ਉਮਰ ਵਿੱਚ, ਪੰਜ ਫੁੱਟ ਨੌਂ ਇੰਚ ਦੀ ਕੱਦ ਕਾਠੀ ਵਾਲਾ ਇਹ ਕ੍ਰਿਕਟਰ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਫਰੇਮ ਨਾਲ, ਪਿੱਚ ’ਤੇ ਵਿਕਟਾਂ ਦਰਮਿਆਨ ਟੈਰੀਅਰ (ਸ਼ਿਕਾਰੀ ਕੁੱਤੇ ਦੀ ਇਕ ਨਸਲ) ਵਾਂਗ ਦੌੜਦਾ ਹੈ। ਉਹ ਇੱਕ ਭਿਕਸ਼ੂ ਵਾਂਗ ਧਿਆਨ ਕੇਂਦਰਿਤ ਕਰਦਾ ਹੈ ਅਤੇ ਉਸ ਦਾ ਖ਼ੁਦ ’ਤੇ ਸਿਰੇ ਦਾ ਵਿਸ਼ਵਾਸ ਪਹਾੜਾਂ ਨੂੰ ਵੀ ਹਿਲਾ ਸਕਦਾ ਹੈ। ਉਹ ਆਪਣੀ ਲੈਅ ਨਾਲ ਨਾਲ ਜੂਝ ਰਿਹਾ ਸੀ, ਪਰ ਇਸ ਦੇ ਬਾਵਜੂਦ ਉਸ ਨੇ ਇਕ ਅਨੁਸ਼ਾਸਿਤ ਪਾਰੀ ਖੇਡੀ ਜਿਸ ਨੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਨਾ ਸਿਰਫ ਪ੍ਰੇਸ਼ਾਨ ਕੀਤਾ ਬਲਕਿ ਉਨ੍ਹਾਂ ਕੋਲ ਇਸ ਦਾ ਕੋਈ ਤੋੜ ਵੀ ਨਹੀਂ ਸੀ।
ਕੋਹਲੀ ਬੇਅੰਤ ਊਰਜਾ ਦਾ ਸੋਮਾ ਹੈ ਤਾਂ ਸ਼ੁਭਮਨ ਗਿੱਲ ਠਾਠ ਬਾਠ ਨੂੰ ਰੂਪਮਾਨ ਕਰਦਾ ਹੈ। ਉਸ ਦੀ ਬੱਲੇਬਾਜ਼ੀ ਵਿਚ ਬਖ਼ਸ਼ਿਸ ਨਜ਼ਰ ਆਉਂਦੀ ਹੈ, ਜਿਸ ਵਿੱਚ ਕਈ ਬੇਮਿਸਾਲ ਸਟਰੋਕ ਹਨ, ਜੋ ਬੈਲੇ ਡਾਂਸਰ ਵਾਂਗ ਦਰਸ਼ਕਾਂ ਦੇ ਸਾਹ ਸੂਤ ਲੈਂਦੇ ਹਨ। ਸ਼੍ਰੇਅਸ ਅਈਅਰ ਨੇ ਕੋਹਲੀ-ਗਿੱਲ ਦੀ ਜੋੜੀ ਨਾਲੋਂ ਆਪਣੇ ਸਟਰੋਕਸ ਵਿੱਚ ਵਧੇਰੇ ਤਾਕਤ ਦਿਖਾਈ ਤੇ ਪਾਕਿਸਤਾਨ ਕੋਲ ਲੁਕਣ ਲਈ ਕਿਤੇ ਕੋਈ ਥਾਂ ਨਹੀਂ ਸੀ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਰੋਹਿਤ ਸ਼ਰਮਾ ਚੰਗੀ ਸ਼ੁਰੂਆਤ ਨੂੰ ਕਾਇਮ ਨਹੀਂ ਰੱਖ ਸਕਿਆ।
ਭਾਰਤ ਦੀ ਤਾਕਤ ਉਸ ਦੀ ਬੱਲੇਬਾਜ਼ੀ ਹੈ, ਪਰ ਦੁਬਈ ਵਿੱਚ ਮਿਲੇ ਵਿਕਟ ਨੇ ਟੀਮ ਨੂੰ ਆਪਣੇ ਤਿੰਨਾਂ ਸਪਿੰਨਰਾਂ ਨੂੰ ਫਰੰਟਲਾਈਨ ਗੇਂਦਬਾਜ਼ਾਂ ਵਜੋਂ ਵਰਤਣ ਦੀ ਖੁੱਲ੍ਹ ਦਿੱਤੀ। ਕੁਲਦੀਪ ਦੀ ਗੇਂਦਬਾਜ਼ੀ ਨੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਘੁੰਮਣਘੇਰੀ ਵਿਚ ਪਾਈ ਰੱਖਿਆ। ਰਵਿੰਦਰ ਜਡੇਜਾ ਦੀ ਇਕੋ ਲਾਈਨ ’ਤੇ ਗੇਂਦਬਾਜ਼ੀ ਕਰਨ ਦੀ ਕਾਬਲੀਅਤ ਅਤੇ ਰਫ਼ਤਾਰ ਵਿਚ ਤਬਦੀਲੀ ਨੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ। ਅਕਸ਼ਰ ਪਟੇਲ ਨੂੰ ਵੀ ਪਿੱਚ ਦੀ ਸਤਹਿ ਤੋਂ ਮਦਦ ਮਿਲੀ, ਜੋ ਅਜਿਹੀ ਪਿੱਚ ’ਤੇ ਘਾਤਕ ਤਿੱਕੜੀ ਜਾਪਦੀ ਹੈ।
ਭਾਰਤ ਨੇ ਅੱਗੇ ਟੂਰਨਾਮੈਂਟ ਵਿਚ ਇਸ ਤੋਂ ਵੀ ਸਖ਼ਤ ਅਜ਼ਮਾਇਸ਼ ਦਾ ਸਾਹਮਣਾ ਕਰਨਾ ਹੈ, ਪਰ ਭਾਰਤ ਕੋਲ ਉਨ੍ਹਾਂ ਟੀਮਾਂ ਖਿਲਾਫ ਘਰੇਲੂ ਹਾਲਾਤ ਦਾ ਫਾਇਦਾ ਹੈ, ਜੋ ਲਾਹੌਰ ਅਤੇ ਕਰਾਚੀ ਦੀਆਂ ਬੱਲੇਬਾਜ਼ਾਂ ਦੇ ਮੁਆਫ਼ਕ ਪਿੱਚਾਂ ’ਤੇ ਖੇਡ ਰਹੀਆਂ ਹਨ। ਇੱਥੇ ਇੱਕ ਵੱਡਾ ਮੌਕਾ ਹੈ ਜਿਸ ਦਾ ਭਾਰਤ ਬਹੁਤ ਜ਼ਿਆਦਾ ਫਾਇਦਾ ਉਠਾਉਣ ਦੇ ਸਮਰੱਥ ਹੈ।
-ਲੇਖਕ ‘ਨੌਟ ਕੁਆਇਟ ਕ੍ਰਿਕਟ’ (‘Not Quite Cricket’) ਅਤੇ (‘Not Just Cricket’) ਕਿਤਾਬਾਂ ਲਿਖ ਚੁੱਕੇ ਹਨ।