ਭਾਰਤੀ ਨਿਸ਼ਾਨੇਬਾਜ਼ਾਂ ਦਾ ਸੁਨਹਿਰੀ ਪ੍ਰਦਰਸ਼ਨ ਜਾਰੀ
ਹਾਂਗਜ਼ੂ, 29 ਸਤੰਬਰ
ਭਾਰਤੀ ਨਿਸ਼ਾਨੇਬਾਜ਼ਾਂ ਦਾ ਏਸ਼ਿਆਈ ਖੇਡਾਂ ਵਿੱਚ ਸੋਨਾ ਫੁੰਡਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਨਿਸ਼ਾਨੇਬਾਜ਼ਾਂ ਨੇ ਦੋ ਸੋਨੇ ਅਤੇ ਤਿੰਨ ਚਾਂਦੀ ਦੇ ਤਗ਼ਮੇ ਹੋਰ ਜਿੱਤ ਕੇ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਪਿਛਲੇ ਛੇ ਦਿਨਾਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਛੇ ਸੋਨੇ ਅਤੇ ਸੱਤ ਚਾਂਦੀ ਸਣੇ 18 ਤਗ਼ਮੇ ਜਿੱਤੇ ਹਨ। ਇਸ ਤੋਂ ਪਹਿਲਾਂ ਏਸ਼ਿਆਈ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ 2006 ਦੋਹਾ ਏਸ਼ਿਆਈ ਖੇਡਾਂ ਦੌਰਾਨ ਸੀ।
ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਵਿੱਚ ਭਾਰਤ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ। ਟੀਮ ਵਿੱਚ ਸ਼ਾਮਲ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (591), ਸਵਪਨਿਲ ਕੁਸਾਲੇ (591) ਅਤੇ ਅਖਿਲ ਸ਼ਿਓਰੇਨ (587) ਨੇ ਚੀਨੀ ਚੁਣੌਤੀ ਨੂੰ ਪਾਰ ਕਰਦਿਆਂ 1769 ਸਕੋਰ ਕੀਤਾ। ਚੀਨ 1763 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ, ਜਦਕਿ ਦੱਖਣੀ ਕੋਰੀਆ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਐਸ਼ਵਰਿਆ ਅਤੇ ਸਵਪਨਿਲ ਨੇ ਕੁਆਲੀਫਿਕੇਸ਼ਨ ਵਿੱਚ ਪਹਿਲੇ ਅਤੇ ਦੂਜੇ ਸਥਾਨ ’ਤੇ ਰਹਿ ਕੇ ਵਿਅਕਤੀਗਤ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਵਪਲਨਿ ਨੇ ਕੁਆਲੀਫਿਕੇਸ਼ਨ ਵਿੱਚ ਏਸ਼ਿਆਈ ਰਿਕਾਰਡ ਤੋੜਦਿਆਂ 591 ਦਾ ਸਕੋਰ ਬਣਾਇਆ। ਐਸ਼ਵਰਿਆ ਨੇ 459.7 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਚੀਨ ਦੇ ਡੂ ਲਿੰਸ਼ੂ ਨੇ 460.6 ਦੇ ਸਕੋਰ ਨਾਲ ਏਸ਼ਿਆਈ ਖੇਡਾਂ ’ਚ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤਿਆ। ਐਸ਼ਵਰਿਆ ਨੇ 10 ਮੀਟਰ ਏਅਰ ਰਾਈਫਲ ਅਤੇ 50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਟੀਮ ਮੁਕਾਬਲਿਆਂ ਵਿੱਚ ਸੋਨ ਅਤੇ ਵਿਅਕਤੀਗਤ ਵਰਗ ਵਿੱਚ ਕਾਂਸੇ ਤੇ ਚਾਂਦੀ ਦੇ ਤਗ਼ਮੇ ਜਿੱਤੇ।
ਉਧਰ ਪਲਕ ਗੁਲੀਆ (17) ਅਤੇ ਈਸ਼ਾ ਸਿੰਘ (18) ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਕਰਮਵਾਰ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤੇ। ਇਸੇ ਤਰ੍ਹਾਂ ਟੀਮ ਵਰਗ ਵਿੱਚ ਈਸ਼ਾ (579), ਪਲਕ (577) ਅਤੇ ਦਵਿਿਆ (575) ਦਾ ਕੁੱਲ ਸਕੋਰ 1731 ਰਿਹਾ। ਚੀਨ ਨੇ 1736 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ, ਜੋ ਏਸ਼ਿਆਈ ਖੇਡਾਂ ਦਾ ਰਿਕਾਰਡ ਵੀ ਹੈ। ਚੀਨੀ ਤਾਇਪੇ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਇਸ ਮਗਰੋਂ 22 ਸਾਲਾ ਐਸ਼ਵਰਿਆ ਨੇ ਵਿਅਕਤੀਗਤ ਰਾਈਫਲ 3 ਪੁਜ਼ੀਸ਼ਨਜ਼ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।
ਪਲਕ ਅਤੇ ਈਸ਼ਾ ਨੇ ਵਿਅਕਤੀਗਤ ਮੁਕਾਬਲੇ ਵਿੱਚ ਇੱਕ-ਦੂਜੇ ਨੂੰ ਟੱਕਰ ਦਿੰਦਿਆਂ ਸਿਖਰਲੇ ਦੋ ਸਥਾਨ ਮੱਲੇ। ਪਲਕ ਨੇ ਸੋਨ ਅਤੇ ਈਸ਼ਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਪਾਕਿਸਤਾਨ ਦੀ ਤਲਤ ਕਿਸ਼ਮਾਲਾ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਪਲਕ ਦਾ ਇਹ ਕੌਮਾਂਤਰੀ ਮੁਕਾਬਲੇ ਵਿੱਚ ਪਹਿਲਾਂ ਵਿਅਕਤੀਗਤ ਤਗ਼ਮਾ ਹੈ। ਉਸ ਨੇ ਫਾਈਨਲ ਵਿੱਚ 242.1 ਸਕੋਰ ਕੀਤਾ, ਜੋ ਏਸ਼ਿਆਈ ਖੇਡਾਂ ਵਿੱਚ ਰਿਕਾਰਡ ਹੈ। ਈਸ਼ਾ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਈਸ਼ਾ, ਮਨੂੁ ਭਾਕਰ ਅਤੇ ਰਿਧਮ ਸਾਂਗਵਾਨ ਨੇ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। -ਪੀਟੀਆਈ
ਮੋਦੀ ਵੱਲੋਂ ਤਗ਼ਮਾ ਜੇਤੂਆਂ ਨੂੰ ਵਧਾਈਆਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ਿਆਈ ਖੇਡਾਂ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਤਗ਼ਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨਿਸ਼ਾਨੇਬਾਜ਼ੀ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਲਕ ਗੁਲੀਆ ਨੂੰ ਵਧਾਈ ਦਿੰਦਿਆਂ ਐਕਸ ’ਤੇ ਲਿਖਿਆ, ‘‘ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ ਇੱਕ ਹੋਰ ਖ਼ਾਸ ਪਲ।’’ ਉਨ੍ਹਾਂ ਵਿਸ਼ਵ ਰਿਕਾਰਡ ਬਣਾਉਣ ਵਾਲੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਸਵਪਨਿਲ ਕੁਸਾਲੇ ਅਤੇ ਅਖਿਲ ਸ਼ੋਰੇਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਜਿੱਤ ਹੈ। ਦਵਿਿਆ, ਈਸ਼ਾ ਸਿੰਘ ਅਤੇ ਪਲਕ ਨੂੰ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਵਧਾਈ ਦਿੰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਹੋਰਨਾਂ ਲਈ ਰਾਹ ਦਸੇਰਾ ਬਣੇਗੀ। ਪ੍ਰਧਾਨ ਮੰਤਰੀ ਨੇ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਇਨੇਨੀ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ