ਭਾਰਤ ਤੇ ਇੰਗਲੈਂਡ ਵਿਚਾਲੇ ਚੌਥਾ ਟੀ-20 ਮੁਕਾਬਲਾ ਅੱਜ
ਮੈਨਚੈਸਟਰ, 8 ਜੁਲਾਈ
ਭਾਰਤ ਨੂੰ ਇੰਗਲੈਂਡ ਖ਼ਿਲਾਫ਼ ਟੀ-20 ਲੜੀ ਜਿਤਾਉਣ ਲਈ ਬੁੱਧਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਚੌਥੇ ਮਹਿਲਾ ਟੀ-20 ਕੌਮਾਂਤਰੀ ਮੈਚ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਪੰਜ ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ ਪਰ ਇੰਗਲੈਂਡ ਨੇ ਪਿਛਲੇ ਹਫ਼ਤੇ ਓਵਲ ਵਿੱਚ ਤੀਜੇ ਮੈਚ ਵਿੱਚ ਪੰਜ ਦੌੜਾਂ ਦੀ ਜਿੱਤ ਦੌਰਾਨ ਮਹਿਮਾਨ ਟੀਮ ਦੀਆਂ ਕੁਝ ਕਮਜ਼ੋਰੀਆਂ ਉਭਾਰੀਆਂ ਸਨ। ਇਸ ਮੈਚ ਵਿੱਚ ਸ਼ੈਫਾਲੀ ਨੇ 25 ਗੇਂਦਾਂ ਵਿੱਚ 47 ਦੌੜਾਂ ਅਤੇ ਹਰਮਨਪ੍ਰੀਤ ਨੇ 17 ਗੇਂਦਾਂ ਵਿੱਚ 23 ਦੌੜਾਂ ਬਣਾਈਆਂ ਸਨ ਪਰ ਦੋਵੇਂ ਆਪਣੀ ਚੰਗੀ ਸ਼ੁਰੂਆਤ ਦਾ ਫਾਇਦਾ ਉਠਾਉਣ ਵਿੱਚ ਨਾਕਮ ਰਹੀਆਂ। ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼ ਅਤੇ ਅਮਨਜੋਤ ਕੌਰ ਨੇ ਹੁਣ ਤੱਕ ਭਾਰਤ ਲਈ ਚੰਗੀ ਬੱਲੇਬਾਜ਼ੀ ਕੀਤੀ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਦੋ ਤਜਰਬੇਕਾਰ ਖਿਡਾਰੀਆਂ ਤੋਂ ਹੋਰ ਸਾਥ ਦੀ ਉਮੀਦ ਹੋਵੇਗੀ। ਹਰਮਨਪ੍ਰੀਤ ਪਹਿਲੇ ਮੈਚ ਵਿੱਚ ਨਹੀਂ ਖੇਡ ਸਕੀ ਸੀ। ਉਹ ਦੂਜੇ ਮੈਚ ਵਿੱਚ ਵਾਪਸ ਆਈ ਸੀ, ਜਿਸ ਵਿੱਚ ਉਹ ਸਿਰਫ਼ ਇੱਕ ਦੌੜ ਹੀ ਬਣਾ ਸਕੀ ਸੀ। ਉਸ ਨੂੰ ਹਰਲੀਨ ਦਿਓਲ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਨੇ ਪਹਿਲੇ ਮੈਚ 23 ਗੇਂਦਾਂ ’ਚ 43 ਦੌੜਾਂ ਬਣਾਈਆਂ ਸਨ। ਭਾਰਤ ਦੇ ਸਪਿੰਨਰਾਂ ਐੱਨ ਸ੍ਰੀ ਚਰਨੀ (8 ਵਿਕਟਾਂ), ਦੀਪਤੀ ਸ਼ਰਮਾ (6) ਅਤੇ ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ (4) ਨੇ ਹੁਣ ਤੱਕ ਲੜੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। -ਪੀਟੀਆਈ
ਮਹਿਲਾ ਟੀ-20 ਦਰਜਾਬੰਦੀ ’ਚ ਦੀਪਤੀ ਸ਼ਰਮਾ ਦੂਜੇ ਸਥਾਨ ’ਤੇ
ਦੁਬਈ: ਭਾਰਤੀ ਸਪਿੰਨਰ ਦੀਪਤੀ ਸ਼ਰਮਾ ਆਈਸੀਸੀ ਮਹਿਲਾ ਟੀ-20 ਕੌਮਾਂਤਰੀ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਦੀਪਤੀ ਪਿਛਲੇ ਛੇ ਸਾਲਾਂ ਵਿੱਚ ਜ਼ਿਆਦਾਤਰ ਸਮਾਂ ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰਲੇ 10 ਵਿੱਚ ਸ਼ੁਮਾਰ ਰਹੀ ਹੈ ਪਰ ਉਹ ਕਦੇ ਵੀ ਨੰਬਰ ਇੱਕ ਗੇਂਦਬਾਜ਼ ਨਹੀਂ ਬਣ ਸਕੀ।
ਟੀ-20 ਦਰਜਾਬੰਦੀ ਦੀ ਤਾਜ਼ਾ ਅਪਡੇਟ ਅਨੁਸਾਰ ਦੀਪਤੀ ਹੁਣ ਆਸਟਰੇਲੀਆ ਦੀ ਤੇਜ਼ ਗੇਂਦਬਾਜ਼ ਐੈਨਾਬੇਲ ਸਦਰਲੈਂਡ ਨੂੰ ਪਛਾੜ ਕੇ ਇੱਕ ਸਥਾਨ ਉਪਰ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਸੱਜੇ ਹੱਥ ਦੀ ਇਹ ਗੇਂਦਬਾਜ਼ ਹੁਣ ਪਾਕਿਸਤਾਨ ਦੀ ਸਾਦੀਆ ਇਕਬਾਲ ਤੋਂ ਸਿਰਫ਼ ਅੱਠ ਰੇਟਿੰਗ ਅੰਕ ਪਿੱਛੇ ਹੈ, ਜੋ ਰੈਂਕਿੰਗ ਵਿੱਚ ਸਿਖਰ ’ਤੇ ਹੈ। ਇੰਗਲੈਂਡ ਖ਼ਿਲਾਫ਼ ਭਾਰਤ ਦੀ ਪੰਜ ਮੈਚਾਂ ਦੀ ਟੀ-20 ਲੜੀ ਦੇ ਤੀਜੇ ਮੈਚ ਵਿੱਚ ਤਿੰਨ ਵਿਕਟਾਂ ਲੈਣ ਤੋਂ ਬਾਅਦ ਦੀਪਤੀ ਨੇ ਰੈਂਕਿੰਗ ਵਿੱਚ ਸੁਧਾਰ ਕੀਤਾ ਅਤੇ ਜੇ ਉਹ ਆਖਰੀ ਦੋ ਮੈਚਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਇਹ ਆਫ ਸਪਿੰਨਰ ਸਿਖਰਲੇ ਸਥਾਨ ’ਤੇ ਪਹੁੰਚ ਸਕਦੀ ਹੈ। ਇਸੇ ਤਰ੍ਹਾਂ ਭਾਰਤ ਦੀ ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ ਟੀ-20 ਗੇਂਦਬਾਜ਼ਾਂ ਦੀ ਸੂਚੀ ਵਿੱਚ 11 ਸਥਾਨਾਂ ਉਪਰ 43ਵੇਂ ਸਥਾਨ ’ਤੇ ਪਹੁੰਚ ਗਈ ਹੈ। ਉਸ ਨੇ ਓਵਲ ਵਿੱਚ ਇੰਗਲੈਂਡ ਖ਼ਿਲਾਫ਼ ਮੈਚ ਦੌਰਾਨ ਤਿੰਨ ਵਿਕਟਾਂ ਲਈਆਂ ਸਨ।