ਟੈਸਟ ਮੈਚ: ਆਸਟਰੇਲੀਆ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ
ਇੱਥੇ ਆਸਟਰੇਲੀਆ ਦੀ ਏ ਟੀਮ ਨੇ ਭਾਰਤੀ ਏ ਟੀਮ ਨੂੰ ਗੈਰ-ਅਧਿਕਾਰਤ ਮਹਿਲਾ ਟੈਸਟ ਦੇ ਆਖਰੀ ਦਿਨ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਵਲੋਂ ਆਫ ਸਪਿੰਨਰ ਐਮੀ ਐਡਗਰ ਨੇ ਪੰਜ ਵਿਕਟਾਂ ਹਾਸਲ ਕਰ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ। ਉਸ ਤੋਂ ਇਲਾਵਾ ਆਸਟਰੇਲਿਆਈ ਸਿਖਰਲੇ ਕ੍ਰਮ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ। ਐਡਗਰ ਨੇ 57 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਐਡਗਰ ਨੇ ਅੱਜ ਦਿਨ ਦੇ ਦੂਜੇ ਓਵਰ ਵਿੱਚ ਵੀਜੇ ਜੋਸ਼ਿਤਾ ਨੂੰ ਆਊਟ ਕਰਕੇ ਆਪਣੀ ਪੰਜਵੀਂ ਵਿਕਟ ਹਾਸਲ ਕੀਤੀ ਜਿਸ ਨਾਲ ਭਾਰਤ ਏ ਟੀਮ ਆਪਣੀ ਦੂਜੀ ਪਾਰੀ ਵਿੱਚ 286 ਦੌੜਾਂ ’ਤੇ ਸਿਮਟ ਗਈ ਜਿਸ ਨਾਲ ਮੇਜ਼ਬਾਨ ਟੀਮ ਨੂੰ 281 ਦੌੜਾਂ ਦਾ ਟੀਚਾ ਮਿਲਿਆ। ਆਸਟਰੇਲੀਆ ਏ ਵਲੋਂ ਅਨਿਕਾ ਲੀਰੋਇਡ (72), ਰਾਸ਼ੇਲ ਟ੍ਰੇਨਮੈਨ (64) ਅਤੇ ਮੈਡੀ ਡਰੇਕ (68) ਨੇ ਅਰਧ ਸੈਂਕੜਿਆਂ ਨਾਲ ਵਧੀਆ ਖੇਡ ਦਿਖਾਈ ਤੇ ਆਸਟਰੇਲਿਆਈ ਬੱਲੇਬਾਜ਼ਾਂ ਨੇ ਜੇਤੂ ਟੀਚਾ 85.3 ਓਵਰਾਂ ਵਿੱਚ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ ਓਪਨਰ ਟ੍ਰੇਨਮੈਨ ਅਤੇ ਕਪਤਾਨ ਟੀ ਵਿਲਸਨ (46) ਨੇ ਮੇਜ਼ਬਾਨ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਉਸ ਵੇਲੇ ਲਗ ਰਿਹਾ ਸੀ ਕਿ ਆਸਟਰੇਲੀਆ ਦੀ ਟੀਮ ਆਸਾਨੀ ਨਾਲ ਮੈਚ ਜਿੱਤ ਲਵੇਗੀ ਪਰ ਤੇਜ਼ ਗੇਂਦਬਾਜ਼ ਸਾਇਮਾ ਠਾਕੁਰ (2/63) ਨੇ ਲਗਾਤਾਰ ਦੋ ਓਵਰਾਂ ਵਿੱਚ ਦੋ ਖਿਡਾਰੀਆਂ ਨੂੰ ਆਊਟ ਕੀਤਾ। ਉਸ ਨੇ ਪਹਿਲਾਂ ਵਿਲਸਨ ਨੂੰ ਆਊਟ ਕੀਤਾ ਅਤੇ ਫਿਰ ਟ੍ਰੇਨਮੈਨ ਨੂੰ ਵਿਕਟਕੀਪਰ ਨੰਦਿਨੀ ਕਸ਼ਯਪ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਡਰੇਕ ਅਤੇ ਲੀਰੋਇਡ ਨੇ 136 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਜਿੱਤ ਦਿਵਾਈ। ਸੰਖੇਪ ਸਕੋਰ: ਭਾਰਤ ਏ: 299 ਅਤੇ 286, ਆਸਟਰੇਲੀਆ ਏ: 305 ਦੌੜਾਂ ਤੇ ਚਾਰ ਵਿਕਟਾਂ ਦੇ ਨੁਕਸਾਨ ਨਾਲ 283 ਦੌੜਾਂ। ਪੀਟੀਆਈ