ਟੈਸਟ: ਭਾਰਤ ਨੇ ਵੈਸਟਇੰਡੀਜ਼ ’ਤੇ ਕੱਸਿਆ ਸ਼ਿਕੰਜਾ
ਦੂਜੇ ਦਿਨ ਭਾਰਤ ਨੇ 5 ਵਿਕਟਾਂ ’ਤੇ 448 ਦੌੜਾਂ ਬਣਾਈਆਂ; ਜੁਰੇਲ, ਜਡੇਜਾ ਅਤੇ ਰਾਹੁਲ ਨੇ ਜਡ਼ੇ ਸੈਂਕਡ਼ਾ
ਵਿਕਟਕੀਪਰ ਧਰੁਵ ਜੁਰੇਲ (125), ਹਰਫ਼ਨਮੌਲਾ ਖਿਡਾਰੀ ਰਵਿੰਦਰ ਜਡੇਜਾ (ਨਾਬਾਦ 104) ਅਤੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ (100) ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਦੋ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ’ਤੇ 448 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਵੈਸਟਇੰਡੀਜ਼ ਦੀ ਪਹਿਲੀ ਪਾਰੀ 162 ਦੌੜਾਂ ’ਤੇ ਸਿਮਟ ਗਈ ਸੀ। ਭਾਰਤ ਨੇ ਪੰਜ ਵਿਕਟਾਂ ਬਾਕੀ ਰਹਿੰਦਿਆਂ 286 ਦੌੜਾਂ ਦੀ ਵੱਡੀ ਲੀਡ ਹਾਸਲ ਕਰਕੇ ਮੈਚ ’ਤੇ ਆਪਣਾ ਸ਼ਿਕੰਜਾ ਪੂਰੀ ਤਰ੍ਹਾਂ ਕੱਸ ਲਿਆ ਹੈ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ’ਤੇ ਜਡੇਜਾ ਦੇ ਨਾਲ ਵਾਸ਼ਿੰਗਟਨ ਸੁੰਦਰ (9 ਦੌੜਾਂ) ਪਿੱਚ ’ਤੇ ਮੌਜੂਦ ਸੀ। ਜੁਰੇਲ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ, ਜਦਕਿ ਸ਼ਾਨਦਾਰ ਲੈਅ ਵਿੱਚ ਚੱਲ ਰਹੇ ਜਡੇਜਾ ਨੇ ਛੇਵਾਂ ਟੈਸਟ ਸੈਂਕੜਾ ਜੜਿਆ। ਜੁਰੇਲ ਨੇ ਇਹ ਸੈਂਕੜਾ ਭਾਰਤੀ ਫ਼ੌਜ ਨੂੰ ਸਮਰਪਿਤ ਕੀਤਾ ਹੈ। ਇਸ ਤੋਂ ਪਹਿਲਾਂ ਕਪਤਾਨ ਸ਼ੁਭਮਨ ਗਿੱਲ 50 ਅਤੇ ਲੋਕੇਸ਼ ਰਾਹੁਲ 100 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। -ਪੀਟੀਆਈ