ਟੈਸਟ: ਭਾਰਤ ਨੇ ਵੈਸਟਇੰਡੀਜ਼ ਨੂੰ ਪਾਰੀ ਤੇ 140 ਦੌੜਾਂ ਨਾਲ ਹਰਾਇਆ
ਜਡੇਜਾ ਨੇ ਸੈਂਕੜੇ ਤੋਂ ਬਾਅਦ ਦੂਜੀ ਪਾਰੀ ’ਚ ਲਈਆਂ 4 ਵਿਕਟਾਂ; ਮੇਜ਼ਬਾਨ ਟੀਮ ਦੋ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ
ਉਪ-ਕਪਤਾਨ ਰਵਿੰਦਰ ਜਡੇਜਾ ਦੇ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਵੈਸਟਇੰਡੀਜ਼ ਨੂੰ ਪਹਿਲੇ ਕ੍ਰਿਕਟ ਟੈਸਟ ਵਿੱਚ ਤਿੰਨ ਦਿਨਾਂ ਦੇ ਅੰਦਰ ਹੀ ਪਾਰੀ ਅਤੇ 140 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ ਬੀਤੇ ਦਿਨ ਦੇ ਸਕੋਰ ਪੰਜ ਵਿਕਟਾਂ ’ਤੇ 448 ਦੌੜਾਂ ’ਤੇ ਹੀ ਐਲਾਨ ਕੇ 286 ਦੌੜਾਂ ਦੀ ਵੱਡੀ ਲੀਡ ਹਾਸਲ ਕਰ ਲਈ ਸੀ। ਇਸ ਦੇ ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ ਦੂਜੀ ਪਾਰੀ ਵਿੱਚ 45.1 ਓਵਰਾਂ ਵਿੱਚ ਸਿਰਫ਼ 146 ਦੌੜਾਂ ਹੀ ਬਣਾ ਸਕੀ। ਬੱਲੇਬਾਜ਼ੀ ਵਿੱਚ ਨਾਬਾਦ ਸੈਂਕੜਾ ਜੜਨ ਵਾਲੇ ਜਡੇਜਾ ਨੇ ਗੇਂਦਬਾਜ਼ੀ ਵਿੱਚ ਵੀ ਕਮਾਲ ਕਰਦਿਆਂ ਦੂਜੀ ਪਾਰੀ ਵਿੱਚ 54 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮੁਹੰਮਦ ਸਿਰਾਜ ਨੇ ਤਿੰਨ, ਕੁਲਦੀਪ ਯਾਦਵ ਨੇ ਦੋ ਅਤੇ ਵਾਸ਼ਿੰਗਟਨ ਸੁੰਦਰ ਨੇ ਇੱਕ ਵਿਕਟ ਲਈ। ਦੂਜਾ ਟੈਸਟ 10 ਅਕਤੂਬਰ ਤੋਂ ਦਿੱਲੀ ਵਿੱਚ ਖੇਡਿਆ ਜਾਵੇਗਾ। ਅੱਜ ਤੀਜੇ ਦਿਨ ਸਵੇਰ ਦੇ ਸੈਸ਼ਨ ਵਿੱਚ ਪਿੱਚ ਤੋਂ ਮਦਦ ਦੀ ਸੰਭਾਵਨਾ ਨੂੰ ਦੇਖਦਿਆਂ ਭਾਰਤ ਨੇ ਪਾਰੀ ਬੀਤੇ ਦਿਨ ਦੇ ਸਕੋਰ ’ਤੇ ਹੀ ਐਲਾਨ ਦਿੱਤੀ। ਜਡੇਜਾ ਦੀ ਅਗਵਾਈ ਹੇਠ ਸਪਿੰਨਰਾਂ ਨੇ ਵੈਸਟਇੰਡੀਜ਼ ਨੂੰ ਦਬਾਅ ਵਿੱਚ ਰੱਖਿਆ। ਸਿਰਾਜ ਦੀ ਸ਼ਾਰਟ ਗੇਂਦ ’ਤੇ ਨਿਤੀਸ਼ ਰੈੱਡੀ ਨੇ ਸਕੁਏਅਰ ਲੈੱਗ ’ਤੇ ਤੇਜਨਾਰਾਇਣ ਚੰਦਰਪੌਲ (8) ਦਾ ਸ਼ਾਨਦਾਰ ਕੈਚ ਫੜਿਆ। ਇਸ ਤੋਂ ਬਾਅਦ ਜਡੇਜਾ, ਕੁਲਦੀਪ ਅਤੇ ਸਿਰਾਜ ਨੇ ਲਗਾਤਾਰ ਵਿਕਟਾਂ ਲੈ ਕੇ ਵੈਸਟਇੰਡੀਜ਼ ਦੀ ਪਾਰੀ ਨੂੰ ਢੇਰੀ ਕਰ ਦਿੱਤਾ। ਜਡੇਜਾ ਇੱਕ ਮੈਚ ਵਿੱਚ ਸੈਂਕੜਾ ਅਤੇ ਪੰਜ ਵਿਕਟਾਂ ਲੈਣ ਦੀ ਪ੍ਰਾਪਤੀ ਹਾਸਲ ਕਰਨ ਤੋਂ ਖੁੰਝ ਗਿਆ। ਉਹ ਪਹਿਲਾਂ ਦੋ ਵਾਰ ਇਹ ਕਮਾਲ ਕਰ ਚੁੱਕਾ ਹੈ। ਜਿੱਤ ਮਗਰੋਂ ਕਪਤਾਨ ਸ਼ੁਭਮਨ ਗਿੱਲ ਨੇ ਟੀਮ ਦੇ ਹਰਫ਼ਨਮੌਲਾ ਪ੍ਰਦਰਸ਼ਨ ’ਤੇ ਖੁਸ਼ੀ ਜ਼ਾਹਰ ਕੀਤੀ। ਲਗਾਤਾਰ ਛੇਵੀਂ ਵਾਰ ਟਾਸ ਹਾਰਨ ਬਾਰੇ ਉਸ ਨੇ ਕਿਹਾ, ‘ਜਦੋਂ ਤੱਕ ਅਸੀਂ ਮੈਚ ਜਿੱਤਦੇ ਹਾਂ, ਟਾਸ ਹਾਰਨ ਨਾਲ ਕੋਈ ਫਰਕ ਨਹੀਂ ਪੈਂਦਾ।’