DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੈਸਟ: ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਲੜੀ 2-2 ਨਾਲ ਬਰਾਬਰ ਕੀਤੀ

ਆਖਰੀ ਮੈਚ ਵਿੱਚ ਮੇਜ਼ਬਾਨ ਟੀਮ ਨੂੰ ਛੇ ਦੌਡ਼ਾਂ ਨਾਲ ਹਰਾਇਆ; ਸਿਰਾਜ ਨੇ ਦੂਜੀ ਪਾਰੀ ਵਿੱਚ ਪੰਜ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਚਾਰ ਵਿਕਟਾਂ ਲਈਆਂ
  • fb
  • twitter
  • whatsapp
  • whatsapp
featured-img featured-img
ਵਿਕਟ ਲੈਣ ਮਗਰੋਂ ਖ਼ੁਸ਼ੀ ਮਨਾਉਂਦੀ ਹੋਈ ਭਾਰਤੀ ਟੀਮ। -ਫੋਟੋ: ਪੀਟੀਆਈ
Advertisement

ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਜ਼ਬਰਦਸਤ ਵਾਪਸੀ ਕੀਤੀ ਅਤੇ ਰੋਮਾਂਚਕ ਮੈਚ ਵਿੱਚ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾ ਕੇ ਲੜੀ 2-2 ਨਾਲ ਡਰਾਅ ਕਰ ਦਿੱਤੀ। ਆਖਰੀ ਦਿਨ ਇੰਗਲੈਂਡ ਨੂੰ ਜਿੱਤ ਲਈ ਸਿਰਫ਼ 35 ਦੌੜਾਂ, ਜਦਕਿ ਭਾਰਤ ਨੂੰ ਚਾਰ ਵਿਕਟਾਂ ਦੀ ਲੋੜ ਸੀ। ਇਨ੍ਹਾਂ ’ਚੋਂ ਤਿੰਨ ਵਿਕਟਾਂ ਸਿਰਾਜ ਅਤੇ ਇੱਕ ਵਿਕਟ ਪ੍ਰਸਿੱਧ ਕ੍ਰਿਸ਼ਨਾ ਨੇ ਲੈ ਕੇ ਭਾਰਤ ਨੂੰ ਜਿੱਤ ਦਿਵਾਈ। ਇੰਗਲੈਂਡ ਦੀ ਟੀਮ 374 ਦੌੜਾਂ ਦੇ ਟੀਚੇ ਤੋਂ ਮਹਿਜ਼ ਛੇ ਦੌੜਾਂ ਦੂਰ ਰਹੀ। ਸਿਰਾਜ ਨੇ ਮੈਚ ਵਿੱਚ 30.1 ਓਵਰਾਂ ਵਿੱਚ 104 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਦੂਜੇ ਪਾਸੇ ਪ੍ਰਸਿਧ ਕ੍ਰਿਸ਼ਨਾ ਨੇ 126 ਦੌੜਾਂ ਦੇ ਕੇ ਚਾਰ ਵਿਕਟਾਂ ਲੈ ਕੇ ਉਸ ਦਾ ਸਾਥ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 224 ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਇੰਗਲੈਂਡ ਨੇ 247 ਦੌੜਾਂ ਬਣਾ ਕੇ 23 ਦੌੜਾਂ ਦੀ ਲੀਡ ਲਈ। ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 396 ਦੌੜਾਂ ਬਣਾ ਕੇ ਇੰਗਲੈਂਡ ਨੂੰ ਜਿੱਤਣ ਲਈ 374 ਦੌੜਾਂ ਦਾ ਟੀਚਾ ਦਿੱਤਾ ਪਰ ਇੰਗਲੈਂਡ 367 ਦੌੜਾਂ ਹੀ ਬਣਾ ਸਕਿਆ। ਪੰਜਵੇਂ ਦਿਨ ਦੇ ਪਹਿਲੇ ਓਵਰ ਵਿੱਚ ਹੀ ਜੈਮੀ ਓਵਰਟਰਨ ਨੇ ਦੋ ਚੌਕੇ ਜੜ ਕੇ ਇੰਗਲੈਂਡ ਨੂੰ ਮੈਚ ਵਿੱਚ ਅੱਗੇ ਕਰ ਦਿੱਤਾ। ਹੁਣ ਇੰਗਲੈਂਡ ਨੂੰ ਜਿੱਤ ਲਈ ਸਿਰਫ਼ 27 ਦੌੜਾਂ ਦੀ ਲੋੜ ਸੀ। ਇਸ ਤੋਂ ਬਾਅਦ ਸਿਰਾਜ ਨੇ ਆਪਣੇ ਓਵਰ ਦੀ ਤੀਜੀ ਗੇਂਦ ’ਤੇ ਜੈਮੀ ਸਮਿਥ (02) ਅਤੇ ਅਗਲੇ ਓਵਰ ਵਿੱਚ ਓਵਰਟਨ ਨੂੰ ਐਲਬੀਡਬਲਿਊ ਆਊਟ ਕਰਕੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਬਾਅਦ ਵਿੱਚ ਪ੍ਰਸਿੱਧ ਨੇ ਜੋਸ਼ ਟੰਗ (00) ਨੂੰ ਬੋਲਡ ਕਰ ਦਿੱਤਾ। ਇਸ ਮਗਰੋਂ ਜ਼ਖ਼ਮੀ ਕ੍ਰਿਸ ਵੋਕਸ ਬੱਲੇਬਾਜ਼ੀ ਕਰਨ ਉੱਤਰਿਆ। ਉਹ ਬੱਲੇਬਾਜ਼ੀ ਕਰਨ ਦੀ ਸਥਿਤੀ ਵਿੱਚ ਨਹੀਂ ਸੀ, ਜਿਸ ਕਰਕੇ ਐਟਕਿਨਸਨ ਨੇ ਵੱਡੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਹੱਦ ਤੱਕ ਕਾਮਯਾਬ ਵੀ ਰਿਹਾ। ਅੰਤ ਵਿੱਚ ਇੰਗਲੈਂਡ ਨੂੰ ਜਿੱਤਣ ਲਈ ਛੇ ਦੌੜਾਂ ਦੀ ਲੋੜ ਸੀ ਪਰ ਸਿਰਾਜ ਨੇ ਉਸ ਨੂੰ ਯਾਰਕਰ ’ਤੇ ਬੋਲਡ ਕਰਕੇ ਰੋਮਾਂਚਕ ਮੈਚ ਸਮਾਪਤ ਕੀਤਾ। ਮੈਚ ਮਗਰੋਂ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਮੁਹੰਮਦ ਸਿਰਾਜ ਵਰਗਾ ਗੇਂਦਬਾਜ਼ ਟੀਮ ਵਿੱਚ ਹੋਣਾ ਹਰ ਕਪਤਾਨ ਦਾ ਸੁਪਨਾ ਹੁੰਦਾ ਹੈ। ਗਿੱਲ ਨੇ ਪ੍ਰਸਿੱਧ ਕ੍ਰਿਸ਼ਨਾ ਦੀ ਵੀ ਸ਼ਲਾਘਾ ਕੀਤੀ। ਉਸ ਨੇ ਕਿਹਾ, ‘ਜਦੋਂ ਤੁਹਾਡੇ ਕੋਲ ਸਿਰਾਜ ਅਤੇ ਪ੍ਰਸਿੱਧ ਵਰਗੇ ਗੇਂਦਬਾਜ਼ ਹੁੰਦੇ ਹਨ ਤਾਂ ਕਪਤਾਨੀ ਸੌਖੀ ਜਾਪਦੀ ਹੈ। ਅੱਜ ਅਸੀਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅਸੀਂ ਆਤਮਵਿਸ਼ਵਾਸ ਨਾਲ ਭਰੇ ਹੋਏ ਸੀ। ਕੱਲ੍ਹ ਵੀ, ਸਾਨੂੰ ਪਤਾ ਸੀ ਕਿ ਉਹ ਦਬਾਅ ਹੇਠ ਸਨ।’ ਇਸ ਦੌਰਾਨ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਸਮੇਤ ਹੋਰ ਕ੍ਰਿਕਟਰਾਂ ਨੇ ਭਾਰਤ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਇੰਗਲੈਂਡ ਦੇ ਇਸ ਦੌਰੇ ਤੋਂ ਪਹਿਲਾਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਸਾਬਕਾ ਕਪਤਾਨ ਕੋਹਲੀ ਨੇ ਐਕਸ ’ਤੇ ਲਿਖਿਆ, ‘ਭਾਰਤੀ ਟੀਮ ਦੀ ਸ਼ਾਨਦਾਰ ਜਿੱਤ। ਸਿਰਾਜ ਅਤੇ ਪ੍ਰਸਿੱਧ ਦੇ ਦ੍ਰਿੜ੍ਹ ਇਰਾਦੇ ਅਤੇ ਲਗਨ ਨੇ ਸਾਨੂੰ ਇਹ ਬੇਮਿਸਾਲ ਜਿੱਤ ਦਿਵਾਈ ਹੈ। ਸਿਰਾਜ ਨੇ ਟੀਮ ਲਈ ਸਭ ਕੁਝ ਦਾਅ ’ਤੇ ਲਗਾ ਦਿੱਤਾ। ਮੈਂ ਉਸ ਲਈ ਬਹੁਤ ਖੁਸ਼ ਹਾਂ।’ ਸਿਰਾਜ ਨੇ ਤੁਰੰਤ ਕੋਹਲੀ ਦੀ ਪ੍ਰਸ਼ੰਸਾ ਲਈ ਧੰਨਵਾਦ ਕੀਤਾ। ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਲਿਖਿਆ, ‘ਟੀਮ ਇੰਡੀਆ ਦੀ ਸ਼ਾਨਦਾਰ ਜਿੱਤ। ਟੈਸਟ ਕ੍ਰਿਕਟ ਸਭ ਤੋਂ ਵਧੀਆ ਫਾਰਮੈਟ ਹੈ। ’

Advertisement

ਇੱਕ ਹੱਥ ਨਾਲ ਬੱਲੇਬਾਜ਼ੀ ਕਰਨ ਉਤਰਿਆ ਵੋਕਸ

ਪੰਜਵੇਂ ਟੈਸਟ ਮੈਚ ਵਿੱਚ ਇੰਗਲੈਂਡ ਦੇ ਖਿਡਾਰੀ ਕ੍ਰਿਸ ਵੋਕਸ ਨੇ ਮੋਢੇ ਦੀ ਸੱਟ ਦੇ ਬਾਵਜੂਦ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ।

ਖੱਬਾ ਹੱਥ ਬੰਨ੍ਹ੍ ਕੇ ਮੈਦਾਨ ’ਤੇ ਉਤਰਿਆ ਇੰਗਲੈਂਡ ਦਾ ਕ੍ਰਿਸ ਵੋਕਸ। -ਫੋਟੋ: ਰਾਇਟਰਜ਼

ਪਹਿਲੀ ਪਾਰੀ ਵਿੱਚ ਫੀਲਡਿੰਗ ਦੌਰਾਨ ਸੱਟ ਲੱਗਣ ਕਾਰਨ ਉਹ ਨਾ ਤਾਂ ਗੇਂਦਬਾਜ਼ੀ ਕਰ ਸਕਿਆ ਅਤੇ ਨਾ ਹੀ ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਕਰ ਸਕਿਆ ਸੀ। ਹਾਲਾਂਕਿ ਜਦੋਂ ਦੂਜੀ ਪਾਰੀ ਵਿੱਚ ਇੰਗਲੈਂਡ ਨੂੰ ਉਸ ਦੀ ਸਭ ਤੋਂ ਵੱਧ ਲੋੜ ਸੀ, ਉਦੋਂ ਵੋਕਸ ਆਪਣਾ ਖੱਬਾ ਹੱਥ ਬੰਨ੍ਹ ਕੇ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਉਤਰਿਆ। ਭਾਵੇਂ ਉਸ ਨੇ ਕਿਸੇ ਗੇਂਦ ਦਾ ਸਾਹਮਣਾ ਨਹੀਂ ਕੀਤਾ, ਪਰ ਉਸ ਦੀ ਇਸ ਹਿੰਮਤ ਅਤੇ ਖੇਡ ਭਾਵਨਾ ਦੀ ਭਾਰਤੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਗਈ।

Advertisement
×