ਟੈਸਟ: ਆਸਟਰੇਲੀਆ ਨੇ ਵੈਸਟਇੰਡੀਜ਼ ਨੂੰ 159 ਦੌੜਾਂ ਨਾਲ ਹਰਾਇਆ
ਬ੍ਰਿਜਟਾਊਨ, 28 ਜੂਨ
ਆਸਟਰੇਲੀਆ ਦੀ ਕ੍ਰਿਕਟ ਟੀਮ ਨੇ ਇੱਥੇ ਜੋਸ਼ ਹੇਜ਼ਲਵੁੱਡ ਦੀਆਂ ਪੰਜ ਵਿਕਟਾਂ ਦੀ ਬਦੌਲਤ ਵੈਸਟਇੰਡੀਜ਼ ਦੀ ਦੂਜੀ ਪਾਰੀ 141 ਦੌੜਾਂ ’ਤੇ ਸਮੇਟਣ ਤੋਂ ਬਾਅਦ ਤੀਜੇ ਦਿਨ ਵਿੱਚ ਹੀ ਪਹਿਲਾ ਟੈਸਟ 159 ਦੌੜਾਂ ਨਾਲ ਜਿੱਤ ਲਿਆ। ਆਸਟਰੇਲੀਆ ਨੇ ਵੈਸਟਇੰਡੀਜ਼ ਨੂੰ ਮੁਸ਼ਕਲ ਪਿੱਚ ’ਤੇ ਜਿੱਤਣ ਲਈ 301 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਪੂਰੀ ਟੀਮ 33.4 ਓਵਰਾਂ ਵਿੱਚ ਹੀ ਸਿਮਟ ਗਈ। ਹੇਜ਼ਲਵੁੱਡ ਨੇ 12 ਓਵਰਾਂ ਵਿੱਚ 43 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਵੈਸਟਇੰਡੀਜ਼ ਨੇ 86 ਦੌੜਾਂ ’ਤੇ ਅੱਠ ਵਿਕਟਾਂ ਗੁਆ ਦਿੱਤੀਆਂ ਸਨ ਪਰ ਹਰਫਨਮੌਲਾ ਖਿਡਾਰੀ ਜਸਟਿਨ ਗ੍ਰੀਵਜ਼ ਅਤੇ ਦਸਵੇਂ ਨੰਬਰ ਦੇ ਬੱਲੇਬਾਜ਼ ਸ਼ੇਮਾਰ ਜੋਸਫ਼ ਨੇ ਨੌਵੀਂ ਵਿਕਟ ਲਈ 55 ਦੌੜਾਂ ਦੀ ਭਾਈਵਾਲੀ ਕੀਤੀ। ਗ੍ਰੀਵਜ਼ 38 ਦੌੜਾਂ ਬਣਾ ਕੇ ਨਾਬਾਦ ਰਿਹਾ, ਜਦਕਿ ਜੋਸਫ਼ ਨੇ 44 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਚਾਰ ਛੱਕੇ ਸ਼ਾਮਲ ਸਨ। ਆਸਟਰੇਲੀਆ ਨੇ ਤੀਜੇ ਦਿਨ ਚਾਰ ਵਿਕਟਾਂ ’ਤੇ 92 ਦੌੜਾਂ ਦੇ ਸਕੋਰ ਤੋਂ ਖੇਡਣਾ ਸ਼ੁਰੂ ਕੀਤਾ ਸੀ। ਮਗਰੋਂ ਟਰੈਵਿਸ ਹੈੱਡ (61), ਬਿਊ ਵੈੱਬਸਟਰ (63) ਅਤੇ ਐਲੇਕਸ ਕੈਰੀ (65) ਨੇ ਨੀਮ ਸੈਂਕੜੇ ਲਗਾ ਕੇ ਟੀਮ ਨੂੰ 310 ਦੌੜਾਂ ਤੱਕ ਪਹੁੰਚਾਇਆ ਅਤੇ 300 ਦੌੜਾਂ ਦੀ ਲੀਡ ਦਿਵਾਈ ਸੀ। -ਏਪੀ