ਵੀਨਸ ਵਿਲੀਅਮਜ਼ ਪੇਸ਼ੇਵਰ ਟੈਨਿਸ ’ਚ ਟੂਰ ਲੈਵਲ ਸਿੰਗਲਜ਼ ਮੈਚ ਜਿੱਤਣ ਵਾਲੀ ਦੂਜੀ ਸਭ ਤੋਂ ਵੱਧ ਉਮਰ ਦੀ ਮਹਿਲਾ ਬਣ ਗਈ ਹੈ। ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵੀਨਸ ਨੇ 45 ਸਾਲਾਂ ਦੀ ਉਮਰ ’ਚ ਆਪਣੇ ਪੁਰਾਣੇ ਸਰਵਿਸ ਤੇ ਮੈਦਾਨੀ ਸ਼ਾਟਾਂ ਦਾ ਨਜ਼ਾਰਾ ਪੇਸ਼ ਕੀਤਾ ਅਤੇ ਡੀਸੀ ਓਪਨ ਟੈਨਿਸ ਟੂਰਨਾਮੈਂਟ ’ਚ ਆਪਣੇ ਤੋਂ 22 ਸਾਲ ਛੋਟੀ ਪੇਅਟਨ ਸਟੀਅਰਨਸ ਨੂੰ 6-3, 6-4 ਨਾਲ ਹਰਾਇਆ।ਵੀਨਸ ਤੋਂ ਵੱਧ ਉਮਰ ’ਚ ਮਹਿਲਾ ਸਿੰਗਲਜ਼ ਮੈਚ ਸਿਰਫ਼ ਮਾਰਟੀਨਾ ਨਵਰਾਤੀਲੋਵਾ ਨੇ ਜਿੱਤਿਆ ਹੈ। ਨਵਰਾਤੀਲੋਵਾ ਨੇ ਆਖਰੀ ਵਾਰ 2004 ਵਿੱਚ 47 ਸਾਲ ਦੀ ਉਮਰ ’ਚ ਸਿੰਗਲਜ਼ ਮੈਚ ਜਿੱਤਿਆ ਸੀ।ਵੀਨਸ ਵਿਲੀਅਮਜ਼ ਨੇ ਮੈਚ ਮਗਰੋਂ ਕਿਹਾ, ‘‘ਜਦੋਂ ਮੈਂ ਪ੍ਰੈਕਟਿਸ ਕਰ ਰਹੀ ਸੀ ਤਾਂ ਸੋਚ ਰਹੀ ਸੀ ਕਿ ਪ੍ਰਮਾਤਮਾ ਮੈਨੂੰ ਨਹੀਂ ਪਤਾ ਕਿ ਮੈਂ ਹੁਣ ਵੀ ਚੰਗੀ ਖਿਡਾਰਨ ਹਾਂ ਜਾਂ ਨਹੀਂ। ਫਿਰ ਕੁਝ ਅਜਿਹੇ ਮੌਕੇ ਆਉਂਦੇ ਸਨ ਜਦੋਂ ਮੈਨੂੰ ਖ਼ੁਦ ’ਤੇ ਭਰੋਸਾ ਹੁੰਦਾ ਸੀ। ਇਥੋਂ ਤੱਕ ਕਿ ਪਿਛਲੇ ਹਫ਼ਤੇ ਵੀ ਮੈਂ ਸੋਚ ਰਹੀ ਸੀ ਕਿ ਮੈਨੂੰ ਆਪਣੀ ਖੇਡ ’ਚ ਸੁਧਾਰ ਦੀ ਲੋੜ ਹੈ। ਇਸ ਕਰਕੇ ਇਹ ਪੂਰੀ ਦਿਮਾਗ ਦੀ ਖੇਡ ਹੈ।’’ ਦੱਸਣਯੋਗ ਹੈ ਕਿ ਵੀਨਸ ਇੱਕ ਸਾਲ ਤੋਂ ਵੀ ਵੱਧ ਸਮੇਂ ਮਗਰੋਂ ਕਿਸੇ ਟੂਰਨਾਮੈਂਟ ’ਚ ਹਿੱਸਾ ਲੈ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਡਬਲਜ਼ ਮੈਚ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ ਸੀ। ਹੁਣ ਉਸ ਨੇ ਦੋ ਸਾਲਾਂ ਬਾਅਦ ਸਿੰਗਲਜ਼ ਮੈਚ ਜਿੱਤਿਆ ਹੈ।