ਟੈਨਿਸ: ਸਵਿਤੋਲਿਨਾ ਨੂੰ ਹਰਾ ਕੇ ਓਸਾਕਾ ਸੈਮੀਫਾਈਨਲ ’ਚ
ਚਾਰ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਜਪਾਨ ਦੀ ਨਾਓਮੀ ਓਸਾਕਾ ਯੂਕਰੇਨ ਦੀ 10ਵਾਂ ਦਰਜਾ ਪ੍ਰਾਪਤ ਏਲੀਨਾ ਸਵਿਤੋਲਿਨਾ ਨੂੰ 6-2, 6-2 ਨਾਲ ਹਰਾ ਕੇ ਪਹਿਲੀ ਵਾਰ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਆਖਰੀ ਚਾਰ ਵਿੱਚ ਓਸਾਕਾ ਦਾ ਸਾਹਮਣਾ 16ਵਾਂ ਦਰਜਾ ਪ੍ਰਾਪਤ ਕਲਾਰਾ ਟੌਸਨ ਨਾਲ ਹੋਵੇਗਾ, ਜਿਸ ਨੇ ਕੁਆਰਟਰ ਫਾਈਨਲ ਵਿੱਚ ਛੇਵਾਂ ਦਰਜਾ ਪ੍ਰਾਪਤ ਮੈਡੀਸਨ ਕੀਜ਼ ਨੂੰ 6-1, 6-4 ਨਾਲ ਹਰਾਇਆ। ਓਸਾਕਾ ਆਪਣੇ ਕਰੀਅਰ ਦਾ ਅੱਠਵਾਂ ਅਤੇ 2021 ਵਿੱਚ ਆਸਟਰੇਲੀਅਨ ਓਪਨ ਤੋਂ ਬਾਅਦ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਨੇਡੀਅਨ ਖਿਡਾਰਨ ਵਿਕਟੋਰੀਆ ਮਬੋਕੋ ਦੂਜੇ ਸੈਮੀਫਾਈਨਲ ਵਿੱਚ ਕਜ਼ਾਖਸਤਾਨ ਦੀ ਨੌਵਾਂ ਦਰਜਾ ਪ੍ਰਾਪਤ ਏਲੇਨਾ ਰਾਇਬਾਕੀਨਾ ਦਾ ਸਾਹਮਣਾ ਕਰੇਗੀ।
ਹਾਰ ਤੋਂ ਬਾਅਦ ਸੱਟੇਬਾਜ਼ਾਂ ਨੇ ਸਵਿਤੋਲਿਨਾ ਖ਼ਿਲਾਫ਼ ਨਫ਼ਰਤ ਫੈਲਾਈ
ਮੌਂਟਰੀਅਲ: ਯੂਕਰੇਨ ਦੀ ਟੈਨਿਸ ਖਿਡਾਰਨ ਏਲੀਨਾ ਸਵਿਤੋਲਿਨਾ ਨੇ ਦੱਸਿਆ ਕਿ ਕਿਵੇਂ ਕੈਨੇਡਾ ਵਿੱਚ ਉਸ ਦੇ ਮੈਚ ਹਾਰਨ ਤੋਂ ਬਾਅਦ ਨਿਰਾਸ਼ ਸੱਟੇਬਾਜ਼ਾਂ ਨੇ ਉਸ ਖ਼ਿਲਾਫ਼ ਆਨਲਾਈਨ ਨਫ਼ਰਤ ਫੈਲਾਈ, ਉਸ ਦੀ ਮੌਤ ਦੀ ਕਾਮਨਾ ਕੀਤੀ ਅਤੇ ਰੂਸ ਵੱਲੋਂ ਯੂਕਰੇਨ ਵਿੱਚ ਕੀਤੀ ਜਾ ਰਹੀ ਲੋਕਾਂ ਦੀ ਹੱਤਿਆ ਦਾ ਜਸ਼ਨ ਮਨਾਇਆ। ਸਵਿਤੋਲਿਨਾ ਨੂੰ ਨੈਸ਼ਨਲ ਬੈਂਕ ਓਪਨ ਦੇ ਕੁਆਰਟਰ ਫਾਈਨਲ ਵਿੱਚ ਨਾਓਮੀ ਓਸਾਕਾ ਤੋਂ ਹਾਰ ਤੋਂ ਬਾਅਦ ਇਸ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਸਵਿਤੋਲੀਨਾ ਨੇ ਇੰਸਟਾਗ੍ਰਾਮ ’ਤੇ ਦੱਸਿਆ ਕਿ ਉਸ ਦੇ ਪਤੀ ਗਾਇਲ ਮੋਨਫਿਲਸ, ਜੋ ਫਰਾਂਸ ਲਈ ਟੈਨਿਸ ਖੇਡਦਾ ਹੈ, ਲਈ ਵੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। -ਪੀਟੀਆਈ