ਟੈਨਿਸ: ਨਾਗਲ ਤੇ ਰੈਨਾ ਕੁਆਰਟਰ ਫਾਈਨਲ ’ਚ
ਹਾਂਗਜ਼ੂ, 26 ਸਤੰਬਰ
ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਜ਼ਬਰਦਸਤ ਸਰਵਿਸ ਦੇਣ ਵਾਲੇ ਬੇਬਿਤ ਜ਼ੁਕਾਯੇਵ ਨੂੰ ਹਰਾਉਣ ਲਈ ਕਾਫੀ ਮਿਹਨਤ ਕਰਨੀ ਪਈ ਜਦਕਿ ਅੰਕਿਤਾ ਰੈਨਾ ਨੇ ਆਦਿਤਿਆ ਪੀ ਕਰੁਣਾਰਤਨੇ ਨੂੰ ਆਸਾਨੀ ਨਾਲ ਹਰਾ ਕੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਜੇ ਇਹ ਦੋਵੇਂ ਖਿਡਾਰੀ ਕੁਆਰਟਰ ਫਾਈਨਲ ਮੈਚ ਜਿੱਤਣ ’ਚ ਸਫਲ ਰਹਿੰਦੇ ਹਨ ਤਾਂ ਉਨ੍ਹਾਂ ਦਾ ਤਮਗਾ ਪੱਕਾ ਹੋ ਜਾਵੇਗਾ। ਟੈਨਿਸ ਵਿੱਚ ਸੈਮੀਫਾਈਨਲ ਹਾਰਨ ਵਾਲੇ ਖਿਡਾਰੀ ਨੂੰ ਕਾਂਸੀ ਦਾ ਤਗਮਾ ਮਿਲਦਾ ਹੈ।
ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਹੋਰ ਮੈਚਾਂ ਵਿੱਚ ਕ੍ਰਮਵਾਰ ਰਾਮਕੁਮਾਰ ਰਾਮਾਨਾਥਨ ਅਤੇ ਰੁਤੁਜਾ ਭੋਸਲੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਜ਼ਾਖਸਤਾਨ ਦੇ ਜ਼ੁਕਾਯੇਵ ਨੇ ਆਪਣੀ ਸਰਵਿਸ ਨਾਲ ਨਾਗਲ ਨੂੰ ਕਾਫੀ ਪਰੇਸ਼ਾਨ ਕੀਤਾ ਪਰ ਭਾਰਤੀ ਖਿਡਾਰੀ ਨੇ ਬਿਹਤਰ ਕੰਟਰੋਲ ਦਿਖਾਉਂਦੇ ਹੋਏ ਤੀਜੇ ਗੇੜ ਦੇ ਮੈਚ ਵਿੱਚ 7-6, 6-4 ਨਾਲ ਜਿੱਤ ਦਰਜ ਕੀਤੀ। ਦੇਸ਼ ਦੀ ਸਿਖਰਲੀ ਮਹਿਲਾ ਖਿਡਾਰਨ ਅੰਕਿਤਾ ਨੇ ਹਾਂਗਕਾਂਗ ਦੀ ਆਦਿਤਿਆ ਨੂੰ ਇਕਪਾਸੜ ਮੁਕਾਬਲੇ ਵਿੱਚ 6-1, 6-2 ਨਾਲ ਹਰਾਇਆ। ਨਾਗਲ ਨੇ ਕੋਰਟ ’ਚ ਆਪਣੀ ਖੇਡ ਦੀ ਰਫਤਾਰ ਨਾਲ ਕਾਫੀ ਪ੍ਰਭਾਵਿਤ ਕੀਤਾ। ਜ਼ੁਕਾਯੇਵ ਨੇ ਨਾਗਲ ਖ਼ਿਲਾਫ਼ ਡਰਾਪ ਸ਼ਾਟ ਖੇਡਣ ਦੀ ਰਣਨੀਤੀ ਅਪਣਾਈ ਪਰ ਨਾਗਲ ਨੇ ਗੇਂਦ ਤੱਕ ਪਹੁੰਚ ਕੇ ਵਿਨਰਜ਼ ਲਗਾਏ।
ਵਿਸ਼ਵ ਦਰਜਾਬੰਦੀ ਵਿੱਚ ਵਿੱਚ 198ਵੀਂ ਰੈਂਕਿੰਗ ’ਤੇ ਕਾਬਜ਼ ਅੰਕਿਤਾ 354ਵੀਂ ਰੈਂਕਿੰਗ ਦੀ ਖਿਡਾਰਨ ਨੂੰ ਇੱਕ ਘੰਟਾ 34 ਮਿੰਟ ’ਚ ਹਰਾ ਦਿੱਤਾ। ਅੰਕਿਤਾ ਨੂੰ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਲਈ ਜਾਪਾਨ ਦੀ ਹਾਰੂਕਾ ਕਾਜੀ ਨੂੰ ਹਰਾਉਣਾ ਪਵੇਗਾ। 336ਵੀਂ ਰੈਂਕਿੰਗ ਵਾਲੀ ਰੁਤੁਜਾ ਨੂੰ ਫਿਲਪੀਨਜ਼ ਦੀ ਖਿਡਾਰਨ ਨੇ ਇਕ ਘੰਟਾ 51 ਮਿੰਟ ਤੱਕ ਚੱਲੇ ਮੈਚ ’ਚ 7-6, 6-2 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿੱਚ ਰਾਮਕੁਮਾਰ ਵਿਸ਼ਵ ਦੇ 78ਵੇਂ ਨੰਬਰ ਦੇ ਖਿਡਾਰੀ ਯੋਸੁਕੇ ਵਾਤਾਨੁਕੀ ਦੀ ਚੁਣੌਤੀ ਨੂੰ ਪਾਰ ਕਰਨ ਵਿੱਚ ਨਾਕਾਮ ਰਿਹਾ। ਰਾਮਕੁਮਾਰ ਨੇ ਜਾਪਾਨੀ ਖਿਡਾਰੀ ਨੂੰ ਸਖ਼ਤ ਟੱਕਰ ਦਿੱਤੀ ਪਰ ਉਹ ਦੋ ਘੰਟੇ 40 ਮਿੰਟ ਤੱਕ ਚੱਲੇ ਮੈਚ ਵਿੱਚ 5-7, 7-6, 5-7 ਨਾਲ ਹਾਰ ਗਿਆ। ਰਾਮਕੁਮਾਰ ਅਤੇ ਰੁਤੁਜਾ ਦੋਵੇਂ ਡਬਲਜ਼ ਮੁਕਾਬਲੇ ਵਿੱਚ ਕਾਇਮ ਹਨ। -ਪੀਟੀਆਈ
ਭਾਂਬਰੀ ਤੇ ਰੈਨਾ ਨੇ ਪਾਕਿਸਤਾਨੀ ਜੋੜੀ ਨੂੰ ਹਰਾਇਆ
ਮਿਕਸਡ ਡਬਲਜ਼ ’ਚ ਯੂਕੀ ਭਾਂਬਰੀ ਅਤੇ ਅੰਕਿਤਾ ਰੈਨਾ ਦੀ ਜੋੜੀ ਨੇ ਪਾਕਿਸਤਾਨ ਦੀ ਅਕੀਲ ਖਾਨ ਅਤੇ ਸਾਰਾ ਖਾਨ ਦੀ ਜੋੜੀ ਨੂੰ ਇੱਕਪਾਸੜ ਮੈਚ ’ਚ 6-0, 6-0 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਹਾਲਾਂਕਿ ਰੁਤੁਜਾ ਅਤੇ ਕਰਮਨ ਕੌਰ ਦੀ ਮਹਿਲਾ ਡਬਲਜ਼ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਥਾਈਲੈਂਡ ਦੀ ਜੋੜੀ ਨੇ ਇਕ ਘੰਟਾ 59 ਮਿੰਟ ਤੱਕ ਚੱਲੇ ਮੈਚ ਵਿਚ ਭਾਰਤੀ ਜੋੜੀ ਨੂੰ 7-5, 6-2 ਨਾਲ ਹਰਾਇਆ।