ਟੈਨਿਸ: ਜੋਕੋਵਿਚ ਵਿੰਬਲਡਨ ਦੇ ਦੂਜੇ ਗੇੜ ’ਚ
ਲੰਡਨ, 2 ਜੁਲਾਈ
ਨੋਵਾਕ ਜੋਕੋਵਿਚ ਪੇਟ ਦੀ ਸਮੱਸਿਆ ਦੇ ਬਾਵਜੂਦ ਮੈਚ ਜਿੱਤ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ’ਚ ਪਹੁੰਚ ਗਿਆ ਪਰ ਤਿੰਨ ਵਾਰ ਦੇ ਗਰੈਂਡ ਸਲੈਮ ਫਾਈਨਲਿਸਟ ਅਤੇ ਤੀਜਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਤੇ ਮਹਿਲਾ ਵਰਗ ਵਿੱਚ ਦੂਜਾ ਦਰਜਾ ਪ੍ਰਾਪਤ ਕੋਕੋ ਗੌਫ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਏ।
ਜੋਕੋਵਿਚ ਨੂੰ ਪੇਟ ਦੀ ਸਮੱਸਿਆ ਕਾਰਨ ਆਪਣੇ ਪਹਿਲੇ ਗੇੜ ਦੇ ਮੈਚ ਦੌਰਾਨ ਦੋ ਵਾਰ ਡਾਕਟਰਾਂ ਦੀ ਲੋੜ ਪਈ ਪਰ ਅੰਤ ਵਿੱਚ ਉਹ ਅਲੈਗਜ਼ੈਂਡਰ ਮੂਲਰ ਨੂੰ 6-1, 6-7 (7), 6-2, 6-2 ਨਾਲ ਹਰਾਉਣ ਵਿੱਚ ਕਾਮਯਾਬ ਰਿਹਾ।
ਜ਼ਵੇਰੇਵ ਨੂੰ ਪਹਿਲੇ ਗੇੜ ਵਿੱਚ 72ਵੇਂ ਸਥਾਨ ’ਤੇ ਕਾਬਜ਼ ਆਰਥਰ ਰਿੰਡਰਕਨੇਚ ਤੋਂ ਚਾਰ ਘੰਟੇ ਅਤੇ 40 ਮਿੰਟਾਂ ਤੱਕ ਚੱਲੇ ਪੰਜ ਸੈੱਟਾਂ ਵਿੱਚ 7-6 (3), 6-7 (8), 6-3, 6-7 (5), 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਵਿੰਬਲਡਨ ਅਤੇ ਇਸ ਸਾਲ ਫਰੈਂਚ ਓਪਨ ਦਾ ਸੈਮੀਫਾਈਨਲਿਸਟ ਰਿਹਾ ਸੱਤਵਾਂ ਦਰਜਾ ਪ੍ਰਾਪਤ ਲੋਰੇਂਜੋ ਮੁਸੇਟੀ ਵੀ ਪਹਿਲੇ ਗੇੜ ਤੋਂ ਅੱਗੇ ਨਹੀਂ ਵਧ ਸਕਿਆ। ਉਸ ਨੂੰ ਨਿਕੋਲੋਜ਼ ਬੇਸਿਲਸ਼ਿਵਲੀ ਨੇ ਬਾਹਰ ਦਾ ਰਸਤਾ ਦਿਖਾਇਆ। ਦੁਨੀਆ ਵਿੱਚ 126ਵੇਂ ਸਥਾਨ ’ਤੇ ਕਾਬਜ਼ ਬੇਸਿਲਸ਼ਿਵਲੀ ਆਪਣੇ ਪਿਛਲੇ 31 ਗਰੈਂਡ ਸਲੈਮ ਟੂਰਨਾਮੈਂਟਾਂ ਵਿੱਚ ਸਿਰਫ ਇੱਕ ਵਾਰ ਚੌਥੇ ਗੇੜ ਵਿੱਚ ਪਹੁੰਚਿਆ ਹੈ।
ਮਹਿਲਾ ਸਿੰਗਲਜ਼ ਵਿੱਚ ਖਿਤਾਬ ਦੀ ਮੁੱਖ ਦਾਅਵੇਦਾਰ ਮੰਨੀ ਜਾਂਦੀ ਗੌਫ ਵੀ ਪਹਿਲੇ ਗੇੜ ਤੋਂ ਅੱਗੇ ਵਧਣ ਵਿੱਚ ਅਸਫਲ ਰਹੀ। ਉਸ ਨੂੰ ਦਯਾਨਾ ਯਾਸਤ੍ਰੇਮਸਕਾ ਨੇ 7-6 (3), 6-1 ਨਾਲ ਹਰਾਇਆ। ਇਸ ਤਰ੍ਹਾਂ ਵਿੰਬਲਡਨ ਦੇ ਪਹਿਲੇ ਦੋ ਦਿਨਾਂ ਵਿੱਚ 23 ਦਰਜਾ ਪ੍ਰਾਪਤ ਖਿਡਾਰੀ (13 ਪੁਰਸ਼ ਅਤੇ 10 ਔਰਤਾਂ) ਦੂਜੇ ਗੇੜ ਵਿੱਚ ਪਹੁੰਚਣ ਵਿੱਚ ਅਸਫਲ ਰਹੇ। -ਏਪੀ
ਕਵਿਤੋਵਾ ਨੇ ਵਿੰਬਲਡਨ ਨੂੰ ਕਿਹਾ ਅਲਵਿਦਾ
ਲੰਡਨ: ਦੋ ਵਾਰ ਦੀ ਚੈਂਪੀਅਨ ਪੇਤਰਾ ਕਵਿਤੋਵਾ ਨੇ ਇੱਥੇ ਅਮਰੀਕਾ ਦੀ ਐਮਾ ਨਵਾਰੋ ਖ਼ਿਲਾਫ਼ ਹਾਰ ਮਗਰੋਂ ਆਪਣੇ ਮਨਪਸੰਦ ਗਰੈਂਡ ਸਲੈਮ ਟੂਰਨਾਮੈਂਟ ਵਿੰਬਲਡਨ ਨੂੰ ਅਲਵਿਦਾ ਕਹਿ ਦਿੱਤਾ ਹੈ।
ਚੈੱਕ ਗਣਰਾਜ ਦੀ 35 ਸਾਲਾ ਕਵਿਤੋਵਾ 10ਵਾਂ ਦਰਜਾ ਪ੍ਰਾਪਤ ਨਵਾਰੋ ਤੋਂ ਸਿੱਧੇ ਸੈੱਟਾਂ ਵਿੱਚ 3-6, 1-6 ਨਾਲ ਹਾਰ ਗਈ। 2011 ਅਤੇ 2014 ਵਿੱਚ ਇੱਥੇ ਖਿਤਾਬ ਜਿੱਤਣ ਵਾਲੀ ਕਵਿਤੋਵਾ ਸਤੰਬਰ ਵਿੱਚ ਯੂਐਸ ਓਪਨ ਤੋਂ ਬਾਅਦ ਡਬਲਿਊਟੀਏ ਟੂਰ ਤੋਂ ਸੰਨਿਆਸ ਲੈਣ ਦੀ ਯੋਜਨਾ ਬਣਾਈ ਹੈ। ਮੈਚ ਤੋਂ ਬਾਅਦ ਕਵਿਤੋਵਾ ਨੇ ਕਿਹਾ, ‘ਮੈਂ ਕਦੇ ਵਿੰਬਲਡਨ ਜਿੱਤਣ ਦਾ ਸੁਪਨਾ ਵੀ ਨਹੀਂ ਦੇਖਿਆ ਸੀ ਪਰ ਮੈਂ ਇਸ ਨੂੰ ਦੋ ਵਾਰ ਜਿੱਤ ਲਿਆ। ਮੈਨੂੰ ਵਿੰਬਲਡਨ ਦੀ ਘਾਟ ਰੜਕੇਗੀ। ਮੈਨੂੰ ਟੈਨਿਸ ਦੀ ਯਾਦ ਆਵੇਗੀ, ਮੈਨੂੰ ਪ੍ਰਸ਼ੰਸਕਾਂ ਦੀ ਯਾਦ ਆਵੇਗੀ ਪਰ ਮੈਂ ਆਪਣੀ ਜ਼ਿੰਦਗੀ ਦੇ ਅਗਲੇ ਅਧਿਆਇ ਲਈ ਤਿਆਰ ਹਾਂ।’ -ਏਪੀ