ਟੈਨਿਸ: ਅਲਕਰਾਜ਼ ਵਿੰਬਲਡਨ ਦੇ ਦੂਜੇ ਗੇੜ ’ਚ
ਲੰਡਨ, 1 ਜੁਲਾਈ
ਦੋ ਵਾਰ ਦੇ ਚੈਂਪੀਅਨ ਕਾਰਲੋਸ ਅਲਕਰਾਜ਼ ਨੂੰ ਵਿੰਬਲਡਨ ਦੇ ਪਹਿਲੇ ਗੇੜ ਦੇ ਮੈਚ ਵਿੱਚ 38 ਸਾਲਾ ਫੈਬੀਓ ਫੋਗਨਿਨੀ ਨੂੰ ਹਰਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਸਪੇਨ ਦੇ 22 ਸਾਲਾ ਅਲਕਰਾਜ਼ ਨੇ ਸਾਢੇ ਚਾਰ ਘੰਟੇ ਤੱਕ ਚੱਲੇ ਮੈਚ ਵਿੱਚ ਆਖਿਰ 7-5, 6-7 (5), 7-5, 2-6, 6-1 ਨਾਲ ਜਿੱਤ ਹਾਸਲ ਕਰ ਲਈ।
ਜਿੱਤ ਤੋਂ ਬਾਅਦ ਉਸ ਨੇ ਕਿਹਾ, ‘ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਉਸ (ਫੋਗਨਿਨੀ) ਦਾ ਆਖਰੀ ਵਿੰਬਲਡਨ ਕਿਉਂ ਹੈ। ਜਿਸ ਤਰ੍ਹਾਂ ਉਹ ਖੇਡ ਰਿਹਾ ਸੀ, ਮੈਨੂੰ ਲੱਗਦਾ ਹੈ ਕਿ ਉਹ ਤਿੰਨ-ਚਾਰ ਸਾਲ ਹੋਰ ਖੇਡ ਸਕਦਾ ਹੈ।’’ ਫੋਗਨਿਨੀ ਇਸ ਸੀਜ਼ਨ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈਣ ਜਾ ਰਿਹਾ ਹੈ। ਅਲਕਰਾਜ਼ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਸੀ ਕਿ ਉਸ ਖ਼ਿਲਾਫ਼ ਮੈਚ ਪੰਜ ਸੈੱਟਾਂ ਵਿੱਚ ਜਾਵੇਗਾ। ਮੇਰੇ ਕੋਲ ਵੀ ਮੌਕੇ ਸਨ।’ ਫੋਗਨਿਨੀ 15 ਵਾਰ ਵਿੰਬਲਡਨ ਵਿੱਚ ਖੇਡਿਆ ਹੈ ਪਰ ਕਦੇ ਵੀ ਤੀਜੇ ਗੇੜ ਤੋਂ ਅੱਗੇ ਨਹੀਂ ਵਧਿਆ। ਇਸ ਸਾਲ ਉਸ ਨੇ ਛੇ ਗਰੈਂਡਸਲੈਮ ਮੈਚ ਖੇਡੇ ਅਤੇ ਸਾਰਿਆਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਟੂਰਨਾਮੈਂਟ ਵਿੱਚ ਅੱਠਵਾਂ ਦਰਜਾ ਪ੍ਰਾਪਤ ਦਾਨਿਲ ਮੈਦਵੇਦੇਵ ਅਤੇ ਹੋਲਗਰ ਰੂਨ ਪਹਿਲੇ ਗੇੜ ਵਿੱਚ ਉਲਟਫੇਰ ਦਾ ਸ਼ਿਕਾਰ ਹੋ ਗਏ। ਰੂਨ ਨੂੰ ਨਿਕੋਲਸ ਜੈਰੀ ਹੱਥੋਂ 4-6, 4-6, 7-5, 6-3, 6-4 ਨਾਲ, ਜਦਕਿ ਗਏ ਅਤੇ ਮੈਦਵੇਦੇਵ ਨੂੰ ਬੈਂਜਾਮਿਨ ਬੋਂਜ਼ੀ ਹੱਥੋਂ 7-6, 3-6, 7-6, 6-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਏਪੀ