ਟੇਬਲ ਟੈਨਿਸ: ਸੁਤੀਰਥਾ-ਅਹਿਕਾ ਦੀ ਜੋੜੀ ਸੈਮੀਫਾਈਨਲ ’ਚ ਪੁੱਜੀ
ਹਾਂਗਜ਼ੂ, 30 ਸਤੰਬਰ
ਸੁਤੀਰਥਾ ਮੁਖਰਜੀ ਅਤੇ ਅਹਿਕਾ ਮੁਖਰਜੀ ਨੇ ਅੱਜ ਇੱਥੇ ਚੇਨ ਮੇਂਗ ਅਤੇ ਯਿਦੀ ਵਾਂਗ ਦੀ ਚੀਨ ਦੀ ਵਿਸ਼ਵ ਚੈਂਪੀਅਨ ਜੋੜੀ ਨੂੰ ਹਰਾ ਕੇ ਭਾਰਤ ਲਈ ਇਤਿਹਾਸਕ ਟੇਬਲ ਟੈਨਿਸ ਤਗ਼ਮਾ ਪੱਕਾ ਕਰ ਲਿਆ ਹੈ। ਕੁਆਰਟਰ ਫਾਈਨਲ ਵਿੱਚ ਸੁਤੀਰਥਾ ਅਤੇ ਅਹਿਕਾ ਨੇ 11-5, 11-5, 5-11, 11-9 ਨਾਲ ਜਿੱਤ ਦਰਜ ਕੀਤੀ। ਦੁਨੀਆ ਦੀ ਦੂੁਜੇ ਨੰਬਰ ਦੀ ਜੋੜੀ ਖ਼ਿਲਾਫ਼ ਇਹ ਜਿੱਤ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਰਤ ਨੇ ਮਹਿਲਾ ਡਬਲਜ਼ ਮੁਕਾਬਲੇ ’ਚ ਕਦੇ ਵੀ ਤਗ਼ਮਾ ਨਹੀਂ ਜਿੱਤਿਆ ਹੈ। ਭਾਰਤੀ ਖਿਡਾਰਨਾਂ ਨੇ ਆਪਣੇ ਤੋਂ ਮਜ਼ਬੂਤ ਵਿਰੋਧੀਆਂ ਨੂੰ ਸ਼ੁਰੂ ਤੋਂ ਹੀ ਨੇੜੇ ਨਾ ਲੱਗਣ ਦਿੱਤਾ ਅਤੇ ਸਿਰਫ਼ ਅੱਠ ਮਿੰਟਾਂ ਵਿੱਚ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿੱਚ ਵੀ ਭਾਰਤੀ ਖਿਡਾਰਨਾਂ ਨੇ ਮਹਿਜ਼ ਨੌਂ ਮਿੰਟ ਵਿੱਚ ਜਿੱਤ ਦਰਜ ਕੀਤੀ। ਹਾਲਾਂਕਿ ਚੀਨ ਦੀ ਟੀਮ ਨੇ ਵਾਪਸੀ ਕਰਦਿਆਂ ਤੀਜੀ ਗੇਮ ਜਿੱਤੀ ਪਰ ਸੁਤੀਰਥਾ ਅਤੇ ਅਹਿਕਾ ਨੇ ਮੁੜ ਇਕਜੁੱਟ ਹੋ ਕੇ ਖੇਡਦਿਆਂ ਚੌਥੀ ਗੇਮ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਮਨਿਕਾ ਬੱਤਰਾ ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈ। ਮਨਿਕਾ ਨੂੰ ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਨ ਚੀਨ ਦੀ ਯਿਦੀ ਵਾਂਗ ਨੇ 11-8, 10-12, 11-6, 11-4, 12-14, 11-5 ਨਾਲ ਹਰਾਇਆ। ਇਸ ਤਰ੍ਹਾਂ ਸਿੰਗਲਜ਼ ਵਰਗ ਵਿੱਚ ਭਾਰਤੀ ਚੁਣੌਤੀ ਵੀ ਖ਼ਤਮ ਹੋ ਗਈ। ਪੁਰਸ਼ ਡਬਲਜ਼ ਵਿੱਚ ਭਾਰਤ ਦੇ ਮਾਨੁਸ਼ ਸ਼ਾਹ ਅਤੇ ਮਾਨਵ ਠੱਕਰ ਨੂੰ ਦੱਖਣੀ ਕੋਰੀਆ ਦੇ ਵੂਜਨਿ ਜਾਂਗ ਅਤੇ ਜੋਂਗਹੁਨ ਲਿਮ ਹੱਥੋਂ 8-11, 11-7, 10-12, 11-6, 9-11 ਨਾਲ ਹਾਰ ਝੱਲਣੀ ਪਈ। -ਪੀਟੀਆਈ