ਟੀ-20: ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ 13 ਦੌੜਾਂ ਨਾਲ ਹਰਾਇਆ
ਸਾਹਿਬਜ਼ਾਦਾ ਫ਼ਰਹਾਨ ਅਤੇ ਸੈਮ ਆਯੂਬ ਦੇ ਨੀਮ ਸੈਂਕੜਿਆਂ ਸਦਕਾ ਪਾਕਿਸਤਾਨ ਨੇ ਤੀਜੇ ਟੀ-20 ਮੈਚ ਵਿੱਚ ਵੈਸਟਇੰਡੀਜ਼ ਨੂੰ 13 ਦੌੜਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ ਹੈ। ਫ਼ਰਹਾਨ (74 ਦੌੜਾਂ) ਅਤੇ ਆਯੂਬ (66) ਨੇ ਪਹਿਲੀ ਵਿਕਟ ਲਈ 138 ਦੌੜਾਂ ਦੀ ਭਾਈਵਾਲੀ ਕੀਤੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ’ਤੇ 189 ਦੌੜਾਂ ਬਣਾਈਆਂ ਸਨ ਪਰ ਵੈਸਟਇੰਡੀਜ਼ ਦੀ ਟੀਮ ਛੇ ਵਿਕਟਾਂ ’ਤੇ 176 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਨੇ 17ਵੇਂ ਓਵਰ ਵਿੱਚ ਫ਼ਰਹਾਨ ਦੇ ਰੂਪ ਵਿੱਚ ਆਪਣਾ ਪਹਿਲਾ ਵਿਕਟ ਗੁਆਇਆ ਸੀ। ਉਹ ਸ਼ੇਮਾਰ ਜੋਸਫ਼ ਦੀ ਫੁਲਟਾਸ ਗੇਂਦ ’ਤੇ ਸ਼ਾਈ ਹੋਪ ਦੇ ਹੱਥੋਂ ਕੈਚ ਹੋ ਗਿਆ। ਆਯੂਬ 19ਵੇਂ ਓਵਰ ਦੀ ਆਖਰੀ ਗੇਂਦ ਤੱਕ ਡਟਿਆ ਰਿਹਾ ਅਤੇ 49 ਗੇਂਦਾਂ ਵਿੱਚ 66 ਦੌੜਾਂ ਬਣਾਈਆਂ। ਜਵਾਬ ਵਿੱਚ ਵੈਸਟਇੰਡੀਜ਼ ਨੇ ਪਹਿਲੇ ਦੋ ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 33 ਦੌੜਾਂ ਬਣਾਈਆਂ। ਹਸਨ ਅਲੀ ਨੇ ਪਹਿਲੇ ਓਵਰ ਵਿੱਚ 16 ਦੌੜਾਂ ਅਤੇ ਮੁਹੰਮਦ ਨਵਾਜ਼ ਨੇ ਦੂਜੇ ਓਵਰ ਵਿੱਚ 17 ਦੌੜਾਂ ਦਿੱਤੀਆਂ। ਹਾਰਿਸ ਰਾਊਫ ਨੇ ਤੀਜੇ ਓਵਰ ਵਿੱਚ ਪੰਜ ਦੌੜਾਂ ਦਿੱਤੀਆਂ। ਉਸ ਨੇ ਪੰਜਵੇਂ ਓਵਰ ਵਿੱਚ ਜੈਵੇਲ ਐਂਡਰਿਊ (24) ਦੀ ਵਿਕਟ ਲਈ।