ਟੀ-20: ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ
ਮੇਜ਼ਬਾਨ ਟੀਮ ਨੇ ਪੰਜ ਮੈਚਾਂ ਦੀ ਲੜੀ ਵਿੱਚ 2-0 ਨਾਲ ਲੀਡ ਲਈ
ਡੁਨੇਡਿਨ (ਨਿਊਜ਼ੀਲੈਂਡ), 18 ਮਾਰਚ
ਟਿਮ ਸੀਫਰਟ ਤੇ ਫਿਨ ਐਲਨ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਨਿਊਜ਼ੀਲੈਂਡ ਨੇ ਅੱਜ ਇੱਥੇ ਮੀਂਹ ਨਾਲ ਪ੍ਰਭਾਵਿਤ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-0 ਨਾਲ ਲੀਡ ਲੈ ਲਈ ਹੈ। ਮੈਦਾਨ ਗਿੱਲਾ ਹੋਣ ਕਾਰਨ ਮੈਚ 15 ਓਵਰਾਂ ਦਾ ਕਰ ਦਿੱਤਾ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਨੌਂ ਵਿਕਟਾਂ ’ਤੇ 135 ਦੌੜਾਂ ਬਣਾਈਆਂ। ਕਪਤਾਨ ਸਲਮਾਨ ਅਲੀ ਆਗਾ ਨੇ ਪਾਕਿਸਤਾਨ ਵੱਲੋਂ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਸ਼ਾਦਾਬ ਖ਼ਾਨ ਨੇ 26 ਦੌੜਾਂ ਅਤੇ ਸ਼ਾਹੀਨ ਸ਼ਾਹ ਅਫ਼ਰੀਦੀ ਨੇ ਨਾਬਾਦ 22 ਦੌੜਾਂ ਦਾ ਯੋਗਦਾਨ ਪਾਇਆ।
ਇਸ ਤੋਂ ਬਾਅਦ ਨਿਊਜ਼ੀਲੈਂਡ ਨੇ 11 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਸੀਫਰਟ ਨੇ 22 ਗੇਂਦਾਂ ’ਤੇ 45 ਦੌੜਾਂ ਅਤੇ ਫਿਨ ਐਲਨ ਨੇ 16 ਗੇਂਦਾਂ ’ਤੇ 38 ਦੌੜਾਂ ਦੀ ਪਾਰੀ ਖੇਡੀ। ਸੀਫਰਟ ਅਤੇ ਐਲਨ ਨੇ ਪਾਰੀ ਦੇ ਪਹਿਲੇ ਓਵਰ ਵਿੱਚ ਕੋਈ ਦੌੜ ਨਹੀਂ ਬਣਾਈ ਪਰ ਬਾਅਦ ਵਿੱਚ ਉਨ੍ਹਾਂ ਹਮਲਾਵਰ ਰਵੱਈਆ ਅਪਣਾਉਂਦਿਆਂ ਅਗਲੀਆਂ 12 ਗੇਂਦਾਂ ’ਚੋਂ ਸੱਤ ’ਤੇ ਛੱਕੇ ਮਾਰੇ। ਸੀਫਰਟ ਅਤੇ ਐਲਨ ਨੇ ਪੰਜ-ਪੰਜ ਛੱਕੇ ਮਾਰੇ। ਮਿਸ਼ੇਲ ਹੇਅ 21 ਦੌੜਾਂ ਬਣਾ ਕੇ ਨਾਬਾਦ ਰਿਹਾ। ਕਪਤਾਨ ਮਾਈਕਲ ਬ੍ਰੇਸਵੈੱਲ (ਨਾਬਾਦ 5 ਦੌੜਾਂ) ਨੇ ਜਹਾਂਦਾਦ ਖ਼ਾਨ ਦੀ ਗੇਂਦ ’ਤੇ ਜੇਤੂ ਚੌਕਾ ਮਾਰ ਕੇ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ’ਤੇ 137 ਦੌੜਾਂ ਤੱਕ ਪਹੁੰਚਾਇਆ। -ਏਪੀ
ਪਾਕਿਸਤਾਨ ਦੇ ਖੁਸ਼ਦਿਲ ਸ਼ਾਹ ਨੂੰ ਜੁਰਮਾਨਾ
ਵੈਲਿੰਗਟਨ: ਪਾਕਿਸਤਾਨ ਦੇ ਹਰਫ਼ਨਮੌਲਾ ਖਿਡਾਰੀ ਖੁਸ਼ਦਿਲ ਸ਼ਾਹ ਨੂੰ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੀ-20 ਮੈਚ ਦੌਰਾਨ ਆਈਸੀਸੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੈਚ ਫੀਸ ਦਾ 50 ਫੀਸਦ ਜੁਰਮਾਨਾ ਭਰਨਾ ਪਿਆ। ਇਸ ਤੋਂ ਇਲਾਵਾ ਉਸ ਨੂੰ ਤਿੰਨ ਡੀਮੈਰਿਟ ਅੰਕ ਵੀ ਦਿੱਤੇ ਗਏ।
ਖੁਸ਼ਦਿਲ ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਮੈਚ ਦੌਰਾਨ ਦੌੜ ਲੈਂਦੇ ਸਮੇਂ ਗੇਂਦਬਾਜ਼ ਜੈਕ ਫੋਕਸ ਨਾਲ ਭਿੜ ਗਿਆ ਸੀ। ਉਸ ਵੇਲੇ ਗੇਂਦਬਾਜ਼ ਦੀ ਪਿੱਠ ਉਸ ਵੱਲ ਸੀ ਅਤੇ ਖੁਸ਼ਦਿਲ ਨੇ ਉਸ ਦੇ ਮੋਢਾ ਮਾਰ ਦਿੱਤਾ। ਖੁਸ਼ਦਿਲ ਨੇ ਸਜ਼ਾ ਸਵੀਕਾਰ ਕਰ ਲਈ, ਜਿਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਦੀ ਕੋਈ ਲੋੜ ਨਹੀਂ ਪਈ। ਪਿਛਲੇ ਦੋ ਸਾਲਾਂ ਵਿੱਚ ਇਹ ਉਸ ਦਾ ਪਹਿਲਾ ਅਪਰਾਧ ਹੈ। -ਏਪੀ