ਟੀ-20: ਭਾਰਤ ਨੇ ਆਸਟਰੇਲੀਆ ਵਿਰੁੱਧ ਸੀਰੀਜ਼ 2-1 ਨਾਲ ਜਿੱਤੀ
ਬ੍ਰਿਸਬੇਨ ਵਿੱਚ ਭਾਰੀ ਮੀਂਹ ਕਾਰਨ 5ਵਾਂ ਟੀ-20 ਮੈਚ ਰੱਦ ਕੀਤਾ
ਇੱਥੋਂ ਦੇ ਗਾਬਾ ਸਟੇਡੀਅਮ ਵਿੱਚ ਪੰਜਵੇਂ ਤੇ ਫਾਈਨਲ ਟੀ-20 ਮੈਚ ਨੂੰ ਮੀਂਹ ਦੇ ਕਾਰਨ ਰੱਦ ਕਰ ਦਿੱਤਾ ਗਿਆ ਤੇ ਭਾਰਤ ਨੇ ਆਸਟਰੇਲੀਆ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਜਿੱਤ ਲਈ ਲਈ ਹੈ।
ਆਸਟਰੇਲੀਆ ਦੇ ਕਪਤਾਨ ਮਿਚੇਲ ਮਾਰਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਨੇ ਚੰਗੀ ਸ਼ੁਰੂਆਤ ਕਰਦਿਆਂ ਬਿਨਾਂ ਵਿਕਟ ਗੁਆਏ 4.5 ਓਵਰਾਂ ’ਚ 52 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਦੀ ਸਲਾਮੀ ਜੋੜੀ ਸ਼ੁਭਮਨ ਗਿੱਲ (16 ਗੇਂਦਾਂ ’ਚ 29 ਦੌੜਾਂ) ਤੇ ਅਭਿਸ਼ੇਕ ਸ਼ਰਮਾ (13 ਗੇਂਦਾਂ ’ਚ 23 ਦੌੜਾਂ) ’ਤੇ ਖੇਡ ਰਹੇ ਸਨ। ਅਭਿਸ਼ੇਕ ਦਾ ਪਾਵਰਪਲੇ ਵਿੱਚ ਦੋ ਵਾਰ ਕੈਚ ਛੁਟਿਆ ਜਿਸ ਨਾਲ ਉਹ ਆਪਣੀ ਪਾਰੀ ਨੂੰ ਅੱਗੇ ਵਧਾ ਸਕੇ। ਇਸ ਨਾਲ ਅਭਿਸ਼ੇਕ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਘੱਟੋ-ਘੱਟ ਗੇਂਦਾਂ ਵਿੱਚ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਬਣ ਗਏ ਹਨ। ਦੂਜੇ ਪਾਸੇ, ਸ਼ੁਭਮਨ ਗਿੱਲ ਨੇ ਡਵਾਰਸ਼ੁਇਸ ਨੂੰ ਇੱਕ ਓਵਰ ਵਿੱਚ ਚਾਰ ਬਾਊਂਡਰੀਆਂ ਜੜੀਆਂ ਜਦਕਿ ਅਭਿਸ਼ੇਕ ਨੇ ਨੇਥਨ ਐਲਿਸ ਵਿਰੁੱਧ ਇੱਕ ਛੱਕਾ ਜੜਿਆ।
ਮੀਂਹ ਕਾਰਨ ਮੈਚ ਦੋ ਘੰਟਿਆਂ ਤੋਂ ਵੱਧ ਸਮਾਂ ਰੁਕਿਆ ਰਿਹਾ ਤੇ ਅਧਿਕਾਰੀਆਂ ਨੇ ਅੰਤ ਵਿੱਚ ਮੈਚ ਨੂੰ ‘ਨੋ-ਰਿਜ਼ਲਟ’ ਰੱਦ ਕਰ ਦਿੱਤਾ। ਸੀਰੀਜ਼ ਦਾ ਦੂਜਾ ਮੈਚ ਸੀ, ਜੋ ਮੀਂਹ ਕਾਰਨ ਰੱਦ ਹੋਇਆ ਹੈ। ਲੜੀ ’ਚ ਆਸਟਰੇਲੀਆ ਨੇ ਦੂਜੇ ਟੀ-20 ਵਿੱਚ 4 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ ਪਰ ਭਾਰਤ ਨੇ ਤੀਜੇ ਮੈਚ ਵਿੱਚ 5 ਵਿਕਟਾਂ ਤੇ ਚੌਥੇ ਵਿੱਚ 48 ਤੌੜਾਂ ਨਾਲ ਜਿੱਤ ਹਾਸਲ ਕੀਤੀ। ਕਪਤਾਨ ਸੂਰਿਆਕੁਮਾਰ ਯਾਦਵ ਤੇ ਹੈੱਡ ਕੋਚ ਗੌਤਮ ਗੰਭੀਰ ਦੀ ਅਗਵਾਈ ਵਿੱਚ ਭਾਰਤ ਨੇ ਆਸਟਰੇਲੀਆ ਵਿਰੁੱਧ ਟੀ-20 ਸੀਰੀਜ਼ ਵਿੱਚ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ ਹੈ।

