ਭਾਰਤ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਚੌਥੇ ਟੀ-20 ਕ੍ਰਿਕਟ ਮੈਚ ’ਚ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ’ਚ 2-1 ਨਾਲ ਲੀਡ ਹਾਸਲ ਕਰ ਲਈ ਹੈ। ਲੜੀ ਦਾ ਆਖਰੀ ਮੈਚ ਸ਼ਨਿਚਰਵਾਰ ਨੂੰ ਬ੍ਰਿਸਬੇਨ ’ਚ ਖੇਡਿਆ ਜਾਵੇਗਾ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਅੱਜ ਮੈਚ ’ਚ ਭਾਰਤੀ ਟੀਮ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਸਲਾਮੀ ਬੱਲੇਬਾਜ਼ਾਂ ਸ਼ੁਭਮਨ ਗਿੱਲ ਦੀਆਂ 46 ਦੌੜਾਂ ਤੇ ਅਭਿਸ਼ੇਕ ਸ਼ਰਮਾ ਦੀਆਂ 28 ਦੌੜਾਂ ਤੋਂ ਇਲਾਵਾ ਸ਼ਿਵਮ ਦੂਬੇ ਦੀਆਂ 22 ਦੌੜਾਂ ਤੇ ਕਪਤਾਨ ਸੂਰਿਆਕੁਮਾਰ ਯਾਦਵ ਦੀਆਂ 20 ਦੌੜਾ ਸਦਕਾ 20 ਓਵਰਾਂ ’ਚ ਅੱਠ ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਨਾਥਨ ਐਲਿਸ ਤੇ ਐਡਮ ਜ਼ੰਪਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜਿੱਤ ਲਈ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਆਸਟਰੇਲੀਆ ਦੀ ਟੀਮ ਭਾਰਤੀ ਗੇਂਦਬਾਜ਼ਾਂ ਦੀ ਕੱਸਵੀਂ ਗੇਂਦਬਾਜ਼ੀ ਅੱਗੇ 18.2 ਓਵਰਾਂ ’ਚ 119 ਦੌੜਾਂ ’ਤੇ ਹੀ ਆਊਟ ਹੋ ਗਈ। ਟੀਮ ਵੱਲੋਂ ਕਪਤਾਨ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਭਾਰਤ ਵੱਲੋਂ ਵਾਸ਼ਿੰਗਟਨ ਸੁੰਦਰ ਨੇ ਤਿੰਨ ਵਿਕਟਾਂ ਜਦਕਿ ਅਕਸ਼ਰ ਪਟੇਲ ਤੇ ਸ਼ਿਵਮ ਦੂਬੇ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਵਰੁਣ ਚੱਕਰਵਰਤੀ ਤੇ ਜਸਪ੍ਰੀਤ ਬੁਮਰਾਹ ਨੂੰ ਇੱਕ-ਇੱਕ ਮਿਲੀ। ਅਕਸ਼ਰ ਪਟੇਲ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।

