ਟੀ-20 ਕ੍ਰਿਕਟ ਵਿਸ਼ਵ ਕੱਪ ਫਾਈਨਲ ਅਹਿਮਦਾਬਾਦ ’ਚ
ਟੂਰਨਾਮੈਂਟ ਦੇ ਮੈਚਾਂ ਲਈ ਪੰਜ ਮੈਦਾਨਾਂ ਦੀ ਚੋਣ; ਸ੍ਰੀਲੰਕਾ ’ਚ ਤਿੰਨ ਥਾਵਾਂ ’ਤੇ ਹੋਣਗੇ ਮੈਚ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਅਗਲੇ ਸਾਲ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਲਈ ਸਥਾਨਾਂ ਦੀ ਸੂਚੀ ਵਿੱਚ ਅਹਿਮਦਾਬਾਦ, ਦਿੱਲੀ, ਕੋਲਕਾਤਾ, ਚੇਨੱਈ ਤੇ ਮੁੰਬਈ ਨੂੰ ਸ਼ਾਮਲ ਕੀਤਾ ਹੈ। ਖ਼ਿਤਾਬੀ ਮੁਕਾਬਲਾ ਅਹਿਮਦਾਬਾਦ ’ਚ ਹੋਵੇਗਾ। ਇੱਕ ਰੋਜ਼ਾ ਵਿਸ਼ਵ ਕੱਪ 2023 ਦਾ ਫਾਈਨਲ ਭਾਰਤ ਤੇ ਆਸਟਰੇਲੀਆ ਵਿਚਾਲੇ ਅਹਿਮਦਾਬਾਦ ’ਚ ਖੇਡਿਆ ਗਿਆ ਸੀ ਜੋ ਇੱਕ ਲੱਖ ਤੋਂ ਵੱਧ ਦਰਸ਼ਕਾਂ ਦੀ ਸਮਰੱਥਾ ਨਾਲ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ। ਵਿਸ਼ਵ ਕੱਪ-2023 ਭਾਰਤ ’ਚ 10 ਸਥਾਨਾਂ ’ਤੇ ਖੇਡਿਆ ਗਿਆ ਸੀ। ਕੌਮਾਂਤਰੀ ਕ੍ਰਿਕਟ ਕੌਂਸਲ ਫਰਵਰੀ-ਮਾਰਚ ਵਿੱਚ ਹੋਣ ਵਾਲੇ ਟੂਰਨਾਮੈਂਟ ਦਾ ਪੂਰਾ ਪ੍ਰੋਗਰਾਮ ਅਗਲੇ ਹਫ਼ਤੇ ਐਲਾਨ ਸਕਦੀ ਹੈ। ਟੂਰਨਾਮੈਂਟ 7 ਫਰਵਰੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ; ਖ਼ਿਤਾਬੀ ਮੁਕਾਬਲਾ 8 ਮਾਰਚ ਨੂੰ ਹੋ ਸਕਦਾ ਹੈ। ਸ੍ਰੀਲੰਕਾ ਟੀ-20 ਵਿਸ਼ਵ ਕੱਪ ਦਾ ਸਹਿ ਮੇਜ਼ਬਾਨ ਹੋਵੇਗਾ ਜੋ ਭਾਰਤ ਨਾਲ ਇੰਤਜ਼ਾਮ ਤਹਿਤ ਪਾਕਿਸਤਾਨ ਲਈ ਨਿਰਪੱਖ ਸਥਾਨ ਹੋਵੇਗਾ। ਸ੍ਰੀਲੰਕਾ ਦੇ ਕੈਂਡੀ ਤੇ ਕੋਲੰਬੋ ਸਣੇ ਤਿੰਨ ਸਥਾਨਾਂ ’ਤੇ ਮੁਕਾਬਲੇ ਹੋਣਗੇ। ਜੇਕਰ ਪਾਕਿਸਤਾਨ ਫਾਈਨਲ ’ਚ ਪਹੁੰਚਦਾ ਹੈ ਤਾਂ ਖਿ਼ਤਾਬੀ ਮੁਕਾਬਲਾ ਸ੍ਰੀਲੰਕਾ ’ਚ ਹੋਵੇਗਾ। ਆਈ ਸੀ ਸੀ, ਬੀ ਸੀ ਸੀ ਆਈ ਤੇ ਪੀ ਸੀ ਬੀ ਵਿਚਾਲੇ ਸਮਝੌਤੇ ਤਹਿਤ ਭਾਰਤ ਤੇ ਪਾਕਿਸਤਾਨ ਦੇ ਸਾਰੇ ਮੁਕਾਬਲੇ ਨਿਰਪੱਖ ਸਥਾਨਾਂ ’ਤੇ ਹੋਣਗੇ।

