ਤੈਰਾਕੀ: ਸ੍ਰੀਹਰੀ ਨਟਰਾਜ ਨੇ ਚਾਂਦੀ ਦੇ ਦੋ ਤਗ਼ਮੇ ਜਿੱਤੇ
ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ 11ਵੀਂ ਏਸ਼ਿਆਈ ਐਕੁਐਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਅੱਜ 200 ਮੀਟਰ ਫ੍ਰੀ-ਸਟਾਈਲ ਅਤੇ 50 ਮੀਟਰ ਬੈਕਸਟਰੋਕ ਈਵੈਂਟ ’ਚ ਚਾਂਦੀ ਦੇ ਤਗ਼ਮੇ ਜਿੱਤੇ। ਉਹ ਟੂਰਨਾਮੈਂਟ ਦੇ ਇੱਕੋ ਸੈਸ਼ਨ ’ਚ ਦੋ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਤੈਰਾਕ ਬਣ...
ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ 11ਵੀਂ ਏਸ਼ਿਆਈ ਐਕੁਐਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਅੱਜ 200 ਮੀਟਰ ਫ੍ਰੀ-ਸਟਾਈਲ ਅਤੇ 50 ਮੀਟਰ ਬੈਕਸਟਰੋਕ ਈਵੈਂਟ ’ਚ ਚਾਂਦੀ ਦੇ ਤਗ਼ਮੇ ਜਿੱਤੇ। ਉਹ ਟੂਰਨਾਮੈਂਟ ਦੇ ਇੱਕੋ ਸੈਸ਼ਨ ’ਚ ਦੋ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਤੈਰਾਕ ਬਣ ਗਿਆ ਹੈ। ਭਾਰਤ ਨੇ ਇਸ ਉਪ ਮਹਾਂਦੀਪੀ ਟੂਰਨਾਮੈਂਟ ’ਚ 16 ਵਰ੍ਹਿਆਂ ’ਚ ਪਹਿਲੀ ਵਾਰ ਤਗਮਾ ਜਿੱਤਿਆ ਹੈ।
ਸ੍ਰੀਹਰੀ ਨੇ 200 ਮੀਟਰ ਫ੍ਰੀ-ਸਟਾਈਲ ’ਚ 1 ਮਿੰਟ 48.47 ਸਕਿੰਟਾਂ ਦਾ ਸਮਾਂ ਕੱਢਿਆ ਤੇ ਉਹ ਚੀਨ ਦੇ ਹੇਈਬੋ (1 ਮਿੰਟ 46.83 ਸਕਿੰਟ) ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਜਪਾਨ ਦੇ ਹਿਨਾਤਾ ਏਂਦੋ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਨਟਰਾਜ ਨੇ 50 ਮੀਟਰ ਬੈਕਸਟਰੋਕ ’ਚ 25.46 ਸਕਿੰਟਾਂ ਦਾ ਸਮਾਂ ਕੱਢਿਆ। ਇਸ ਮੁਕਾਬਲੇ ’ਚ ਵੀ ਚੀਨ ਦੇ ਖਿਡਾਰੀ ਵਾਂਗ ਗੁਕਾਈਲਾਈ ਨੇ ਸੋਨ ਤਗਮਾ ਆਪਣੇ ਨਾਮ ਕੀਤਾ।
ਇਸ ਤੋਂ ਪਹਿਲਾਂ ਦੋ ਵਾਰ ਦੇ ਓਲੰਪੀਅਨ ਸ੍ਰੀਹਰੀ ਨਟਰਾਜ ਨੇ ਸਵੇਰੇ ਦੂਜੀ ਹੀਟ ’ਚ ਦੂਜੇ ਸਥਾਨ ’ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਇੱਕ ਹੋਰ ਭਾਰਤੀ ਤੈਰਾਕ ਅਨੀਸ਼ ਸੁਨੀਲ ਕੁਮਾਰ ਚੌਥੀ ਹੀਟ ’ਚ ਸੀ ਪਰ ਉਹ ਚੌਥੇ ਸਥਾਨ ’ਤੇ ਰਹਿਣ ਕਾਰਨ ਫਾਈਨਲ ’ਚ ਨਾ ਪਹੁੰਚ ਸਕਿਆ। ਨਟਰਾਜ ਨੇ ਉੱਤਰਾਖੰਡ ’ਚ 38ਵੀਆਂ ਕੌਮੀ ਖੇਡਾਂ ’ਚ ਨੌਂ ਸੋਨ ਤਗਮੇ ਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ ਸੀ।