ਸੁਰਜੀਤ ਹਾਕੀ: ਇੰਡੀਅਨ ਨੇਵੀ ਤੇ ਭਾਰਤੀ ਰੇਲਵੇ ਸੈਮੀਜ਼ ’ਚ
ਇੰਡੀਅਨ ਨੇਵੀ ਮੁੰਬਈ ਨੇ ਇੰਡੀਅਨ ਏਅਰ ਫੋਰਸ ਨੂੰ ਪੈਨਲਟੀ ਸ਼ੂਟਆਊਟ ’ਚ 4-2 ਨਾਲ ਅਤੇ ਭਾਰਤੀ ਰੇਲਵੇ ਦਿੱਲੀ ਨੇ ਬੀ ਐੱਸ ਐੱਫ ਜਲੰਧਰ ਨੂੰ 5-0 ਦੇ ਫਰਕ ਨਾਲ ਹਰਾ ਕੇ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਅੱਜ ਦੋ ਕੁਆਰਟਰ ਫਾਈਨਲ ਮੈਚ ਖੇਡੇ ਗਏ। ਪਹਿਲੇ ਕੁਆਰਟਰ ਫਾਈਨਲ ਵਿੱਚ ਇੰਡੀਅਨ ਨੇਵੀ ਮੁੰਬਈ ਅਤੇ ਇੰਡੀਅਨ ਏਅਰ ਫੋਰਸ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਡੀਅਨ ਏਅਰ ਫੋਰਸ ਵਲੋਂ ਕ੍ਰਿਅੱਪਾ ਮੈਂਡਾਪਾਂਡਾ ਨੇ ਗੋਲ ਕਰਕੇ ਸਕੋਰ 1-0 ਕੀਤਾ। 15ਵੇਂ ਮਿੰਟ ਵਿੱਚ ਇੰਡੀਅਨ ਨੇਵੀ ਦੇ ਸ਼ੁਸ਼ੀਲ ਧਨਵਾਰ ਨੇ ਗੋਲ ਕਰਕੇ ਸਕੋਰ 1-1 ਬਰਾਬਰ ਕਰ ਦਿੱਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 1-1 ਰਿਹਾ ਤੇ ਮਗਰੋਂ ਪੈਨਲਟੀ ਸ਼ੂਟਆਊਟ ਵਿੱਚ ਨੇਵੀ ਨੇ ਏਅਰ ਫੋਰਸ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜਾ ਕੁਆਰਟਰ ਫਾਈਨਲ ਭਾਰਤੀ ਰੇਲਵੇ ਦਿੱਲੀ ਅਤੇ ਬੀ ਐੱਸ ਐੱਫ ਜਲੰਧਰ ਦਰਮਿਆਨ ਖੇਡਿਆ ਗਿਆ। ਰੇਲਵੇ ਨੇ ਬੀ ਐੱਸ ਐੱਫ ਨੂੰ 5-0 ਨਾਲ ਹਰਾਇਆ। ਰੇਲਵੇ ਵੱਲੋਂ ਗੁਰਸਾਹਿਬ ਸਿੰਘ, ਸ੍ਰੀਅਸ ਭਾਵਿਕਦਾਸ ਧੂਪੇ , ਲਵਪ੍ਰੀਤ ਅਤੇ ਅਲੀ ਅਹਿਮਦ ਨੇ ਗੋਲ ਕੀਤੇ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਸੁਰਿੰਦਰ ਭਾਂਬਰੀ ਜੀ ਐਮ ਏ ਜੀ ਆਈ ਇੰਫਰਾ, ਜਨਰਲ ਮੈਨੇਜਰ ਇੰਡੀਅਨ ਆਇਲ ਸ਼ਾਮ ਲਾਲ ਗੁਪਤਾ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।
ਅੱਜ ਦੇ ਮੈਚ
- ਭਾਰਤ ਪੈਟਰੋਲੀਅਮ ਮੁੰਬਈ ਬਨਾਮ ਆਰਮੀ ਇਲੈਵਨ ਦਿੱਲੀ - ਸ਼ਾਮ 4:30 ਵਜੇ
2. ਪੰਜਾਬ ਪੁਲੀਸ ਜਲੰਧਰ ਬਨਾਮ ਇੰਡੀਅਨ ਆਇਲ ਮੁੰਬਈ - ਸ਼ਾਮ 6:15 ਵਜੇ
