42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਭਾਰਤ ਪੈਟਰੋਲੀਅਮ ਮੁੰਬਈ ਨੇ ਕੈਗ ਦਿੱਲੀ ਨੂੰ 2-0 ਨਾਲ ਅਤੇ ਇੰਡੀਅਨ ਨੇਵੀ ਮੁੰਬਈ ਨੇ ਇੰਡੀਅਨ ਆਇਲ ਮੁੰਬਈ ਨੂੰ 2-1 ਦੇ ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹੋ ਰਹੇ ਟੂਰਨਾਮੈਂਟ ਦੇ ਛੇਵੇਂ ਦਿਨ ਦੋ ਮੈਚ ਖੇਡੇ ਗਏ। ਪਹਿਲਾ ਲੀਗ ਮੈਚ ਭਾਰਤ ਪੈਟਰੋਲੀਅਮ ਮੁੰਬਈ ਤੇ ਕੈਗ ਦਿੱਲੀ ਦਰਮਿਆਨ ਖੇਡਿਆ ਗਿਆ। ਭਾਰਤ ਪੈਟਰੋਲੀਅਮ ਵੱਲੋਂ 19ਵੇਂ ਮਿੰਟ ’ਚ ਪਰਮਵੀਰ ਸਿੰਘ ਨੇ ਮੈਚ ਦਾ ਪਹਿਲਾ ਗੋਲ ਕੀਤਾ। 27ਵੇਂ ਮਿੰਟ ’ਚ ਸ਼ਾਹਰੁਖ਼ ਅਲੀ ਵੱਲੋਂ ਕੀਤਾ ਦੂਜਾ ਗੋਲ ਵੀ ਭਾਰਤ ਪੈਟਰੋਲੀਅਮ ਦੇ ਖਾਤੇ ’ਚ ਪਿਆ। 2-0 ਨਾਲ ਮੈਚ ਜਿੱਤਣ ਮਗਰੋਂ ਤਿੰਨ ਅੰਕ ਹਾਸਲ ਕਰ ਕੇ ਟੀਮ ਕੁਆਰਟਰ ਫਾਈਨਲ ਵਿੱਚ ਦਾਖਲ ਹੋ ਗਈ।
ਦੂਜੇ ਲੀਗ ਮੈਚ ਦੇ 45ਵੇਂ ਮਿੰਟ ’ਚ ਇੰਡੀਅਨ ਆਇਲ ਦੇ ਅਫਾਨ ਯੂਸਫ ਨੇ ਪੈਨਲਟੀ ਕਾਰਨਰ ਰਾਹੀਂ ਮੈਚ ਦਾ ਪਹਿਲਾ ਗੋਲ ਕੀਤਾ। 49ਵੇਂ ਮਿੰਟ ਵਿੱਚ ਇੰਡੀਅਨ ਨੇਵੀ ਮੁੰਬਈ ਦੇ ਸ਼ੁਸ਼ੀਲ ਧਨਵਾਰ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਆਖਰੀ ਮਿੰਟ ਵਿੱਚ ਇੰਡੀਅਨ ਨੇਵੀ ਦੇ ਕੇ ਸਿਲਵਾ ਰਾਜ ਨੇ ਗੋਲ ਕਰ ਕੇ 2-1 ਦੇ ਫ਼ਰਕ ਨਾਲ ਮੈਚ ਜਿੱਤ ਲਿਆ ਤੇ 6 ਅੰਕਾਂ ਨਾਲ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ।

