ਸ੍ਰੀਲੰਕਾ ਨੇ ਬੰਗਲਾਦੇਸ਼ ਖ਼ਿਲਾਫ਼ ਟੈਸਟ ਲੜੀ 1-0 ਨਾਲ ਜਿੱਤੀ
ਕੋਲੰਬੋ, 28 ਜੂਨ
ਖੱਬ ਸਪਿੰਨਰ ਪ੍ਰਭਾਤ ਜੈਸੂਰਿਆ ਦੀਆਂ ਪੰਜ ਵਿਕਟਾਂ ਸਦਕਾ ਸ੍ਰੀਲੰਕਾ ਨੇ ਅੱਜ ਇੱਥੇ ਦੂਜੇ ਕ੍ਰਿਕਟ ਟੈਸਟ ਵਿੱਚ ਬੰਗਲਾਦੇਸ਼ ਨੂੰ ਪਾਰੀ ਅਤੇ 78 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ। ਚੌਥੇ ਦਿਨ ਬੰਗਲਾਦੇਸ਼ ਦਾ ਸਕੋਰ ਛੇ ਵਿਕਟਾਂ ’ਤੇ 115 ਸੀ ਅਤੇ ਉਸ ਨੂੰ ਸ੍ਰੀਲੰਕਾ ਨੂੰ ਮੁੜ ਬੱਲੇਬਾਜ਼ੀ ਲਈ ਭੇਜਣ ਵਾਸਤੇ 97 ਹੋਰ ਦੌੜਾਂ ਦੀ ਲੋੜ ਸੀ। ਪਰ ਅੱਧੇ ਘੰਟੇ ਦੇ ਅੰਦਰ ਹੀ ਬੰਗਲਾਦੇਸ਼ ਨੇ ਬਾਕੀ ਚਾਰ ਵਿਕਟਾਂ ਗੁਆ ਦਿੱਤੀਆਂ, ਜਿਨ੍ਹਾਂ ’ਚੋਂ ਤਿੰਨ ਜੈਸੂਰਿਆ ਨੇ ਲਈਆਂ। ਬੰਗਲਾਦੇਸ਼ ਦੀ ਟੀਮ ਦੂਜੀ ਪਾਰੀ ਵਿੱਚ 133 ਦੌੜਾਂ ’ਤੇ ਹੀ ਸਿਮਟ ਗਈ। ਪਹਿਲੀ ਪਾਰੀ ਵਿੱਚ ਉਸ ਨੇ 247 ਦੌੜਾਂ ਬਣਾਈਆਂ ਸਨ। ਸ੍ਰੀਲੰਕਾ ਨੇ ਪਹਿਲੀ ਪਾਰੀ ਵਿੱਚ 458 ਦੌੜਾਂ ਬਣਾਈਆਂ ਸਨ, ਜਿਸ ਵਿੱਚ ਸਲਾਮੀ ਬੱਲੇਬਾਜ਼ ਪਾਥੁਮ ਨਿਸੰਕਾ ਦਾ ਸੈਂਕੜਾ (158 ਦੌੜਾਂ) ਅਤੇ ਦਿਨੇਸ਼ ਚਾਂਦੀਮਲ (93) ਅਤੇ ਕੁਸਲ ਮੈਂਡਿਸ (84) ਦੇ ਨੀਮ ਸੈਂਕੜੇ ਸ਼ਾਮਲ ਸਨ। ਜੈਸੂਰਿਆ ਨੇ 56 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ, ਜਦਕਿ ਧਨੰਜੈ ਡੀ ਸਿਲਵਾ ਅਤੇ ਥਾਰਿੰਦੂ ਰਤਨਾਇਕੇ ਨੇ ਦੋ-ਦੋ ਵਿਕਟਾਂ ਲਈਆਂ। ਦੋਵਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਡਰਾਅ ਰਿਹਾ ਸੀ। -ਏਪੀ